ਕਰਮਜੀਤ ਗਰੇਵਾਲ ਦਾ ਬਾਲ ਗੀਤ “ਨਵੀਂਆਂ ਪੁਸਤਕਾਂ” ਸੁਰਜੀਤ ਪਾਤਰ, ਲਖਵਿੰਦਰ ਜੌਹਲ ਤੇ ਗੁਰਭਜਨ ਗਿੱਲ ਵੱਲੋਂ ਲੋਕ ਅਰਪਨ

ਲੁਧਿਆਣਾ : ਬਾਲ ਮਨ ਵਿਕਾਸ ਨੂੰ ਸਮਰਪਿਤ ਕੌਮੀ ਅਧਿਆਪਕ ਪੁਰਸਕਾਰ ਜੇਤੂ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਮੈਂਬਰ ਲੇਖਕ ਲਲਤੋਂ ਵਾਸੀ ਸਃ ਕਰਮਜੀਤ ਗਰੇਵਾਲ ਦਾ ਨਵਾਂ ਬਾਲ ਗੀਤ “ਨਵੀਆਂ ਪੁਸਤਕਾਂ” ਪਦਮਸ਼੍ਰੀ ਡਾਃ ਸੁਰਜੀਤ ਪਾਤਰ ਚੇਅਰਮੈਨ ਪੰਜਾਬ ਕਲਾ ਪਰਿਸ਼ਦ ਪੰਜਾਬ, ਪ੍ਰੋ.ਗੁਰਭਜਨ ਗਿੱਲ ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਤੇ ਡਾਃ ਲਖਵਿੰਦਰ ਸਿੰਘ ਜੌਹਲ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਤੇ ਹੋਰ ਸਖ਼ਸ਼ੀਅਤਾਂ ਨੇ ਆਪਣੇ ਕਰ ਕਮਲਾਂ ਨਾਲ਼ ਲੋਕ ਅਰਪਨ ਕੀਤਾ।
ਡਾਃ ਸੁਰਜੀਤ ਪਾਤਰ  ਨੇ ਕਰਮਜੀਤ ਗਰੇਵਾਲ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਬੱਚਿਆਂ ਨੂੰ ਨਾਲ਼ ਲੈ ਕੇ ਤਿਆਰ ਕੀਤੇ  ਅਜਿਹੇ ਚੰਗੇ ਤੇ ਉਤਸ਼ਾਹ ਵਧਾਊ ਗੀਤਾਂ ਦੀ ਬਹੁਤ ਲੋੜ ਹੈ। ਪ੍ਰੋ.ਗੁਰਭਜਨ ਗਿੱਲ ਨੇ ਕਿਹਾ ਕਿ ਕਰਮਜੀਤ ਗਰੇਵਾਲ ਲੰਬੇ ਸਮੇਂ ਤੋਂ ਲਗਾਤਾਰ ਬਾਲਾਂ ਲਈ ਗੀਤ, ਕਹਾਣੀਆਂ ਤੇ ਬਾਲ ਨਾਟਕਾਂ ਦੀ ਸਿਰਜਣਾ ਕਰ ਰਿਹਾ ਹੈ।ਬੱਚਿਆਂ ਨੂੰ ਚੰਗੇ ਸਾਹਿਤ ਨਾਲ਼ ਜੋੜ ਕੇ ਉਹਨਾਂ ਅੰਦਰ ਜ਼ਿੰਦਗੀ ਪ੍ਰਤੀ ਨਵੀਂ ਚੇਟਕ ਲਾ ਰਿਹਾ ਹੈ।ਮੈਨੂੰ ਮਾਣ ਹੈ ਕਿ ਉਹ ਮੇਰੇ ਮਿੱਤਰ  ਦਲੀਪ ਸਿੰਘ ਦਾ ਮਿਹਨਤੀ ਤੇ ਲਗਨਸ਼ੀਲ ਸਪੁੱਤਰ ਹੈ। ਡਾਃ ਲਖਵਿੰਦਰ ਸਿੰਘ ਜੌਹਲ ਨੇ ਕਰਮਜੀਤ ਗਰੇਵਾਲ ਵੱਲੋਂ ਬੱਚਿਆਂ ਲਈ ਕੀਤੇ ਜਾ ਰਹੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਬਾਲ ਮਨਾਂ ਤੇ ਇਹ ਗੀਤ ਨਵੀਂ ਛਾਪ ਛੱਡੇਗਾ। ਇਹ ਵੀ ਵਰਨਣਯੋਗ ਹੈ ਕਿ ਕਰਮਜੀਤ ਗਰੇਵਾਲ ਵੱਲੋਂ ਬੱਚਿਆਂ ਲਈ 300 ਵੀਡੀਓ ਬਣਾਏ ਜਾ ਚੁੱਕੇ ਹਨ ਜਿਨ੍ਹਾਂ ਨੂੰ ਅਮੈਰੀਕਨ ਇੰਡੀਆਂ ਫਾਂਊਂਡੇਸ਼ਨ ਟ੍ਰਸਟ ਤੇ ਹੋਰ ਰਾਸ਼ਟਰੀ ਤੇ ਅੰਤਰਰਾਸ਼ਟਰੀ ਸੰਸਥਾਵਾਂ ਵੱਲੋਂ ਇਨਾਮ ਮਿਲ ਚੁੱਕੇ ਹਨ।ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਲੇਬਸ ਵਿੱਚ ਸ਼ਾਮਿਲ ਪਹਿਲੀ ਤੋਂ ਅੱਠਵੀਂ ਤੱਕ ਦੇ ਸਾਰੇ ਗੀਤ/ਕਵਿਤਾਵਾਂ ਗਾ ਕੇ ਵੀਡੀਓ ਬਣਾਏ ਹਨ। ਬਾਲ ਗੀਤ, ਬਾਲ ਨਾਟਕ ਅਤੇ ਬਾਲ ਕਹਾਣੀਆਂ ਦੀਆਂ 11 ਪੁਸਤਕਾਂ ਆ ਚੁੱਕੀਆਂ ਹਨ।ਪਹਿਲੀ ਬਾਲ ਗੀਤ ਪੁਸਤਕ “ਛੱਡ ਕੇ ਸਕੂਲ ਮੈਨੂੰ ਆ” ਨੂੰ ਸਰਵੋਤਮ ਬਾਲ ਪੁਸਤਕ ਪੁਰਸਕਾਰ ਮਿਲ ਚੁੱਕਿਆ ਹੈ।ਇਸ ਮੌਕੇ ਧੰਨਵਾਦ ਕਰਦਿਆਂ ਕਰਮਜੀਤ ਗਰੇਵਾਲ ਨੇ ਦੱਸਿਆ ਕਿ ਨਵੀਆਂ ਪੁਸਤਕਾਂ ਗੀਤ ਦਾ ਸੰਗੀਤ ਸਾਬੀ ਅਤੇ ਵੀਡੀਓ ਮਾਲਵਿੰਦਰ ਚੰਨੋ ਨੇ ਬਣਾਇਆ ਹੈ।ਇਹ ਗੀਤ ਬੱਚਿਆਂ ਦੇ ਨਾਲ਼ ਨਾਲ਼ ਵੱਡਿਆਂ ਨੂੰ ਵੀ ਬਚਪਨ ਦੇ ਸੁੰਦਰ ਸੰਸਾਰ ਵਿੱਚ ਲੈ ਕੇ ਜਾਵੇਗਾ।ਨਵੀਂ ਜਮਾਤ ਵਿੱਚ ਜਾਣ ਦਾ ਚਾਅ, ਨਵੀਆਂ ਪੁਸਤਕਾਂ, ਕਾਪੀਆਂ, ਪੈਂਸਿਲਾਂ ਤੇ ਨਵੇਂ ਅਹਿਸਾਸ ਨਾਲ਼ ਨਵੇਂ ਅਨੁਭਵ ਕਰਾਏਗਾ।ਇਸ ਗੀਤ ਦੇ ਰਿਲੀਜ ਸਮਾਗਮ ਵਿੱਚ ਸ਼ਾਮਿਲ ਡਾਕਟਰ ਗੁਰਇਕਬਾਲ ਸਿੰਘ  ਜਨਰਲ ਸਕੱਤਰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਜਗਦੀਸ਼ਪਾਲ  ਸਿੰਘ ਗਰੇਵਾਲ ਸਰਪੰਚ ਦਾਦ,ਕਹਾਣੀਕਾਰ ਸੁਖਜੀਤ, ਪ੍ਰਸਿੱਧ ਸ਼ਾਇਰ ਤ੍ਰੈਲੋਚਨ ਲੋਚੀ, ਡਾ.ਗੁਲਜ਼ਾਰ ਸਿੰਘ ਪੰਧੇਰ, ਸਵਰਨਜੀਤ ਸਵੀ, ਸੁਰਿੰਦਰ ਸਿੰਘ ਸੁੰਨੜ ਸੰਪਾਦਕ ਆਪਣੀ ਆਵਾਜ਼, ਵਿਸ਼ਾਲ ਸੰਪਾਦਕ ਅੱਖਰ, ਦਲਜਿੰਦਰ ਸਿੰਘ ਰਹਿਲ ਇਟਲੀ ਤੇ ਮਾਲਵਿੰਦਰ ਚੰਨੋ ਅਤੇ ਹੋਰ ਸਖ਼ਸ਼ੀਅਤਾਂ ਨੇ ਵੀ ਕਰਮਜੀਤ ਗਰੇਵਾਲ ਦੇ ਇਸ ਉਪਰਾਲੇ ਲਈ ਮੁਬਾਰਕਬਾਦ ਦਿੱਤੀ।