ਕਬੱਡੀ ਖਿਡਾਰੀ ਨਿਰਭੈ ਹਠੂਰ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ

ਜਗਰਾਓਂ, 02 ਜੂਨ : ਕਬੱਡੀ ਜਗਤ ਤੋਂ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਲੁਧਿਆਣਾ ਦੇ ਪਿੰਡ ਹਠੂਰ ਦੇ ਵਸਨੀਕ ਆਪਣੀ ਮਾਂ ਖੇਡ ਕਬੱਡੀ ਦਾ ਬਹਾਦਰ ਰੇਡਰ ਨਾਨਕ ਅਤੇ ਏਕਮ ਦਾ ਵੱਡਾ ਭਰਾ ਨਿਰਭੈ ਹਠੂਰ ਅੱਜ ਦੁਨੀਆਂ ਨੂੰ 35 ਸਾਲ ਦੀ ਉਮਰ ‘ਚ ਅਲਵਿਦਾ ਕਹਿ ਗਿਆ ਹੈ। ਜਿਸ ਤੋਂ ਬਾਅਦ ਖੇਡ ਪ੍ਰੇਮੀਆਂ ’ਚ ਸੋਗ ਦੀ ਲਹਿਰ ਦੌੜ ਗਈ। ਮੌਤ ਦਾ ਕਾਰਨ ਸਾਈਲੈਂਟ ਅਟੈਕ ਦੱਸਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਨਿਰਭੈ ਹਠੂਰ ਵਾਲਾ ਦੇ ਨਾਂਅ ਨਾਲ ਮਸ਼ਹੂਰ ਕਬੱਡੀ ਖਿਡਾਰੀ ਨੂੰ ਰਾਤ ਨੂੰ ਸੁੱਤੇ ਪਏ ਨੂੰ ਦਿਲ ਦਾ ਦੌਰਾ ਪਿਆ। ਜਿਸ ਕਾਰਨ ਉਸਦੀ ਮੌਤ ਹੋ ਗਈ। ਇਸ ਘਟਨਾਂ ਦਾ ਪਤਾ ਸਵੇਰ ਸਮੇਂ ਪਰਿਵਾਰਕ ਮੈਂਬਰਾਂ ਵੱਲੋਂ ਨਿਰਭੈ ਨੂੰ ਜਗਾਉਣ ’ਤੇ ਲੱਗਾ। ਜਦੋਂ ਉਹ ਨਾ ਉੱਠਿਆ ਤਾਂ ਡਾਕਟਰਾਂ ਨੇ ਚੈੱਕਅਪ ਉਪਰੰਤ ਨਿਰਭੈ ਹਠੂਰ ਵਾਲੇ ਨੂੰ ਮ੍ਰਿਤਕ ਐਲਾਨ ਦਿੱਤਾ। ਜਿਕਰਯੋਗ ਹੈ ਕਿ ਪਿਤਾ ਦੀ ਮੌਤ ਤੋਂ ਬਾਅਦ ਘਰ ਦੀ ਸਮੁੱਚੀ ਜਿੰਮੇਵਾਰੀ ਨਿਰਭੈ ਦੇ ਸਿਰ ’ਤੇ ਸੀ। ਮ੍ਰਿਤਕ ਦੇ ਭਰਾ ਨਾਨਕ ਤੇ ਏਕਮ ਵੀ ਕਬੱਡੀ ਖਿਡਾਰੀ ਹਨ। ਜਿੰਨ੍ਹਾਂ ਵਿੱਚੋਂ ਨਿਰਭੈ ਸਭ ਤੋਂ ਵੱਡਾ ਤੇ ਅਣਵਿਆਹਿਆ ਸੀ। ਨਿਰਭੈ ਘਰ ਦੇ ਖਰਚੇ ਤੋਰਨ ਲਈ ਕਬੱਡੀ ਖੇਡਣ ਦੇ ਨਾਲ ਨਾਲ ਪ੍ਰਾਈਵੇਟ ਨੌਕਰੀ ਵੀ ਕਰਦਾ ਸੀ।