ਕਬੱਡੀ ਖਿਡਾਰੀ ਹਰਭਜਨ ਸਿੰਘ ਦੀ ਚਿੱਟੇ ਕਾਰਨ ਮੌਤ 

ਮੁਕਤਸਰ, 20 ਮਈ : ਮੁਕਤਸਰ ਦੇ  ਪਿੰਡ ਖੋਖਰ ਦੇ ਨੌਜਵਾਨ ਕਬੱਡੀ ਖਿਡਾਰੀ ਹਰਭਜਨ ਸਿੰਘ (36) ਦੀ ਚਿੱਟੇ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਹਰਭਜਨ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਵਿਆਹਿਆ ਹੋਇਆ ਸੀ। ਉਸ ਦੇ 2 ਬੱਚੇ ਵੀ ਸਨ। ਪਰਿਵਾਰਕ ਮੈਂਬਰਾਂ ਅਨੁਸਾਰ ਹਰਭਜਨ ਚਿੱਟੇ ਦਾ ਆਦੀ ਸੀ ਅਤੇ ਚਿਤਾ ਕਾਰਨ ਉਸ ਦੀ ਮੌਤ ਹੋ ਗਈ। ਇਕਲੌਤੇ ਪੁੱਤਰ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਪਿੰਡ ਤੋਂ ਆਪਣੇ ਦੋਸਤਾਂ ਨਾਲ ਘਰੋਂ ਨਿਕਲਿਆ ਸੀ ਅਤੇ ਬਾਅਦ ਵਿੱਚ ਫੋਨ ਆਇਆ ਕਿ ਹਰਭਜਨ ਸਿੰਘ ਕੋਟਕਪੂਰਾ ਵਿੱਚ ਡਿੱਗਿਆ ਪਿਆ ਹੈ। ਉਸਦੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ। ਰਿਸ਼ਤੇਦਾਰਾਂ ਅਨੁਸਾਰ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਵਿੱਚ ਸ਼ਰੇਆਮ ਚਿੱਟਾ ਵਿਕਦਾ ਹੈ। ਦੱਸ ਦੇਈਏ ਕਿ ਖਿਡਾਰੀ ਹਰਭਜਨ (ਭਜਨਾ) ਕੱਚਾ ਵਰਕਰ ਸੀ। ਉਸ ਦਾ 9 ਸਾਲ ਦਾ ਬੇਟਾ ਅਤੇ 8 ਸਾਲ ਦੀ ਬੇਟੀ ਹੈ। ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਜਦੋਂ ਕਿ ਮਾਪਿਆਂ ਦਾ ਕਹਿਣਾ ਹੈ ਕਿ ਸਾਡੇ ਬੁਢਾਪੇ ਦਾ ਇੱਕੋ ਇੱਕ ਸਹਾਰਾ ਹੀ ਮੁੱਕ ਗਿਆ ਹੈ। ਹੁਣ ਪਰਿਵਾਰ ਕਿਵੇਂ ਚੱਲੇਗਾ? ਬੱਚਿਆਂ ਦੀ ਦੇਖਭਾਲ ਕੌਣ ਕਰੇਗਾ?