ਕੌਮੀ ਕਮਿਸ਼ਨ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਹਿੱਤ ਸਾਂਝੀ ਮੀਟਿੰਗ 17 ਨੂੰ 

  • ਪੀੜ੍ਹਤ 19 ਸਾਲਾਂ ਤੋਂ ਮੰਗ ਰਹੇ ਨੇ ਨਿਆਂ ਅਤੇ 15 ਮਹੀਨਿਆਂ ਤੋਂ ਬੈਠੇ ਨੇ ਧਰਨੇ 'ਤੇ !

ਜਗਰਾਉਂ, 16 ਜੂਨ (ਰਛਪਾਲ ਸਿੰਘ ਸ਼ੇਰਪੁਰੀ) : ਪਿਛਲੇ 15 ਮਹੀਨਿਆਂ ਤੋਂ ਥਾਣੇ ਮੂਹਰੇ ਧਰਨਾ ਲਗਾਈ ਬੈਠੇ ਪੀੜ੍ਹਤਾਂ ਨੂੰ ਇਨਸਾਫ਼ ਦਿਵਾਉਣ ਲਈ ਚੱਲ ਰਿਹਾ ਪੱਕਾ ਮੋਰਚਾ ਅੱਜ 415ਵੇਂ ਦਿਨ ਵੀ ਜਾਰੀ ਰਿਹਾ। ਪ੍ਰੈਸ ਨੂੰ ਜਾਰੀ ਬਿਆਨ 'ਚ ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਸੁਖਦੇਵ ਮਾਣੂੰਕੇ, ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ) ਦੇ ਆਗੂ ਬਲਦੇਵ ਸਿੰਘ ਫੌਜੀ ਨੇ ਦੱਸਿਆ ਕਿ ਮੁਕੱਦਮੇ ਦੇ ਦੋਸ਼ੀ ਡੀਅੈਸਪੀ ਗੁਰਿੰਦਰ ਬੱਲ, ਏਅੈਸਆਈ ਰਾਜਵੀਰ ਤੇ ਸਰਪੰਚ ਦੀ ਗ੍ਰਿਫਤਾਰੀ ਕਰਨ ਅਤੇ ਪੀੜ੍ਹਤ ਪਰਿਵਾਰ ਨੂੰ ਮੁਆਵਜ਼ਾ ਦੇਣ ਸਬੰਧੀ ਕੌਮੀ ਕਮਿਸ਼ਨ ਦੇ ਹੁਕਮਾਂ ਨੂੰ ਲਾਗੂ ਕਰਨ ਵਿੱਚ ਕੀਤੀ ਜਾ ਰਹੀ ਦੇਰੀ ਤੋਂ ਖਫਾ ਧਰਨਾਕਾਰੀ ਜੱਥੇਬੰਦੀਆਂ ਦੀ ਸਾਂਝੀ ਮੀਟਿੰਗ ਥਾਣਾ ਸਿਟੀ ਮੂਹਰੇ 12.00 ਵਜੇ  ਹੋਵੇਗੀ। ਉਨਾਂ ਸਾਰੀਆਂ ਹੀ ਇਨਸਾਫ਼ ਪਸੰਦ ਧਿਰਾਂ ਨੂੰ ਮੀਟਿੰਗ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਇਸ ਸਮੇਂ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ(ਰਜ਼ਿ) ਦੇ ਸਕੱਤਰ ਜਸਦੇਵ ਸਿੰਘ ਲਲਤੋਂ, ਏਟਕ ਆਗੂ ਜਗਦੀਸ਼ ਸਿੰਘ ਕਾਉਂਕੇ, ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ ਨੇ ਕਿਹਾ ਕਿ 19 ਸਾਲਾਂ ਤੋਂ ਨਿਆਂ ਮੰਗ ਰਹੇ ਪੀੜ੍ਹਤ ਪਰਿਵਾਰ ਨੁੰ ਨਿਆਂ ਦਿਵਾਉਣ ਹਿੱਤ 15 ਮਹੀਨਿਆਂ ਤੋਂ ਚੱਲ ਰਹੇ ਧਰਨੇ ਨੂੰ ਤੇਜ਼ ਕਰਨ ਲਈ  ਪਰ ਪੁਲਿਸ ਮੀਟਿੰਗ ਵਿੱਚ ਵਿਚਾਰਾ ਹੋਣਗੀਆਂ। ਇਸ ਸਮੇਂ ਠੇਕੇਦਾਰ ਅਵਤਾਰ ਸਿੰਘ ਜਗਰਾਉਂ, ਬਲਵੀਰ ਸਿੰਘ ਸੰਧੂ, ਹਰਜਿੰਦਰ ਸਿੰਘ ਅਤੇ ਰਾਮਤੀਰਥ ਸਿੰਘ ਲੀਲ੍ਹਾ ਵੀ ਹਾਜ਼ਰ ਸਨ।