ਭਾਰਤੀ ਫੋਜ, ਐਨ.ਡੀ.ਆਰ.ਐਫ ਦੇ ਸਾਂਝੇ ਯਤਨਾ ਨਾਲ 95 ਲੋਕਾਂ ਨੂੰ ਪਾਣੀ ਵਿੱਚੋਂ ਸੁਰੱਖਿਅਤ ਕੱਢ ਕੇ ਰਾਹਤ ਕੈਂਪਾਂ ’ਚ ਪਹੁੰਚਾਇਆ-ਡਿਪਟੀ ਕਮਿਸ਼ਨਰ

  • ਸਰਦੂਲਗੜ੍ਹ ਦੇ ਵੱਖ-ਵੱਖ ਰਾਹਤ ਕੈਂਪਾਂ ’ਚ ਹੁਣ ਤੱਕ 504 ਲੋਕ ਪਹੁੰਚੇ

ਮਾਨਸਾ, 20 ਜੁਲਾਈ : ਸਬ ਡਵੀਜ਼ਨ ਸਰਦੂਲਗੜ੍ਹ ਦੇ ਪਿੰਡ ਫੂਸ ਮੰਡੀ ਵਿਖੇ ਘੱਗਰ ਦਾ ਬੰਨ੍ਹ ਟੁੱਟਣ ਨਾਲ ਪਾਣੀ ਦੀ ਝਪੇਟ ’ਚ ਆਏ ਲੋਕਾਂ ਲਈ ਬਚਾਅ ਕਾਰਜਾਂ ਵਿਚ ਭਾਰਤੀ ਫੌਜ, ਐਨ.ਡੀ.ਆਰ.ਐਫ., ਟਰੇਨਡ ਗੋਤਾਖ਼ੋਰਾਂ ਵੱਲੋਂ ਪਾਣੀ ਵਿਚ ਫਸੇ ਹੋਏ ਲੋਕਾਂ ਨੂੰ ਕਿਸ਼ਤੀਆਂ ਅਤੇ ਮੋਟਰਬੋਟ ਦੀ ਮਦਦ ਨਾਲ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਅਤੇ ਰਾਹਤ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ। ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਨੇ ਦੱਸਿਆ ਕਿ ਪਿੰਡ ਫੂਸਮੰਡੀ ਵਿਖੇ ਮੁਰਗੀ ਫਾਰਮ ਵਿਚ ਫਸੇ ਲੋਕਾਂ ਨੂੰ ਭਾਰਤੀ ਸੈਨਾ ਦੇ ਜਵਾਨਾਂ ਨੇ ਸੁਰੱਖਿਅਤ ਕੱਢ ਲਿਆ ਹੈ, ਅਤੇ ਨੇੜਲੇ ਰਾਹਤ ਕੈਂਪ ’ਚ ਲੋਕਾਂ ਨੂੰ ਤਬਦੀਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰੈਸਕਿਊ ਦੌਰਾਨ ਹੁਣ ਤੱਕ 93 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ, ਬਚਾਅ ਕਾਰਜ਼ ਲਗਾਤਾਰ ਜਾਰੀ ਹਨ। ਉਨ੍ਹਾਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੁਰੱਖਿਆ ਲਈ ਸਬ ਡਵੀਜ਼ਨ ਸਰਦੂਲਗੜ੍ਹ ਅੰਦਰ 9 ਰਾਹਤ ਕੈਂਪ ਬਣਾਏ ਹੋਏ ਹਨ, ਜਿੱਥੇ 504 ਲੋਕਾਂ ਨੂੰ ਸੁੱਕਾ ਰਾਸ਼ਨ ਅਤੇ ਖਾਣ ਪੀਣ ਦਾ ਹੋਰ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਸਿਹਤ ਸੁਵਿਧਾਵਾਂ ਲਈ ਮੈਡੀਕਲ ਟੀਮਾਂ ਵੀ ਤਾਇਨਾਤ ਹਨ। ਉਨ੍ਹਾਂ ਦੱਸਿਆ ਕਿ ਐਸ.ਡੀ.ਐਮ. ਸਰਦੂਲਗੜ੍ਹ ਅਮਰਿੰਦਰ ਸਿੰਘ ਮੱਲ੍ਹੀ ਦੀ ਅਗਵਾਈ ਵਿਚ ਸਾਰੀਆਂ ਟੀਮਾਂ ਬਾਖੂਬੀ ਢੰਗ ਨਾਲ ਰਾਹਤ ਕਾਰਜਾਂ ਵਿਚ ਲੱਗੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ 48 ਪਸ਼ੂ ਰਾਹਤ ਕੈਂਪਾਂ ’ਚ ਲਿਆਂਦੇ ਗਏ ਹਨ, ਜਿਨ੍ਹਾਂ ਲਈ ਤੂੜੀ ਅਤੇ ਹਰੇ ਚਾਰੇ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਵੈੱਟਨਰੀ ਟੀਮਾਂ ਵੱਲੋਂ ਪਸ਼ੂਆਂ ਨੂੰ ਲੋੜੀਂਦੀ ਵੈਕਸ਼ੀਨੇਸ਼ਨ ਵੀ ਕੀਤੀ ਜਾ ਰਹੀ ਹੈ।