ਪਿੰਡ ਨਵਾਂ ਕਿਲਾ ਦੀ ਜਸਪ੍ਰੀਤ ਕੌਰ ਸਰਾਂ ਦੀ ਚੋਣ ਏਸ਼ੀਅਨ ਪੈਰਾ ਉਲੰਪਿਕ ਖੇਡਾਂ ਵਿੱਚ ਡਿਸਕਸ ਥਰੋ ਲਈ ਹੋਈ

ਫਰੀਦਕੋਟ 14 ਅਗਸਤ : ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਨਵਾਂ ਕਿਲਾ ਦੀ ਰਹਿਣ ਵਾਲੀ ਜਸਪ੍ਰੀਤ ਕੌਰ ਸਰਾਂ ਦੀ ਚੋਣ ਪੈਰਾ ਅਥਲੈਟਿਕਸ ਡਿਸਕਸ ਥਰੋ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਨ ਲਈ ਹੋਈ ਹੈ। ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਆਈ.ਏ.ਐਸ. ਨੇ ਜਸਪ੍ਰੀਤ ਕੌਰ ਸਰਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਦੱਸਿਆ ਕਿ ਜਸਪ੍ਰੀਤ ਪੰਜਾਬ ਦੀਆਂ ਸਮੁੱਚੀਆਂ ਕੁੜੀਆਂ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਸਪ੍ਰੀਤ ਕੌਰ ਸਰਾਂ ਦੀ ਹਰ ਪੱਧਰ ਤੇ ਸਹਾਇਤਾ ਕੀਤੀ ਜਾਵੇਗੀ। ਜਸਪ੍ਰੀਤ ਸਿੰਘ ਧਾਲੀਵਾਲ ਸਕੱਤਰ ਪੰਜਾਬ ਪੈਰਾ ਸਪੋਰਟ ਨੇ ਦੱਸਿਆ ਕਿ 2001 ਵਿੱਚ ਜਸਪ੍ਰੀਤ ਕੌਰ ਇੱਕ ਅੰਤਰਰਾਸ਼ਟਰੀ ਕਬੱਡੀ ਮੈਚ ਦੌਰਾਨ ਫੱਟੜ ਹੋਈ ਸੀ ਅਤੇ ਉਸ ਨੂੰ ਰੀੜ੍ਹ ਦੀ ਹੱਡੀ ਦੀ ਸੱਟ ਲੱਗੀ ਸੀ। ਇਸ ਤੋਂ ਬਾਅਦ ਉਹ ਚੱਲਣ ਫਿਰਨ ਤੋਂ ਅਸਮਰੱਥ ਹੋ ਗਈ ਸੀ ਪਰ ਉਸਨੇ ਆਪਣਾ ਹੌਂਸਲਾ ਨਹੀਂ ਹਾਰਿਆ। ਉਸ ਦੇ ਹੌਸਲੇ ਸਦਕਾ ਹੀ ਉਸ ਦੀ ਚੋਣ ਚੀਨ ਵਿਚ ਹੋ ਰਹੀਆਂ ਏਸ਼ੀਅਨ ਪੈਰਾ ਉਲੰਪਿਕ ਖੇਡਾਂ ਵਿਚ ਡਿਸਕਸ ਥਰੋ ਵਿਚ ਹੋਈ ਹੈ।