ਜਸਕਰਨ ਸਿੰਘ ਨੇ ਰਾਜ ਪੱਧਰੀ ਫੁੱਟਬਾਲ ਟੂਰਨਾਮੈਂਟ 'ਚ ਜਿੱਤਿਆ ਚਾਂਦੀ ਦਾ ਤਗਮਾ

ਜਗਰਾਓ (ਰਛਪਾਲ ਸਿੰਘ ਸ਼ੇਰਪੁਰੀ) : ਵਿਦਿਆਰਥੀ ਜੀਵਨ ਵਿੱਚ ਪੜ੍ਹਾਈ ਦੇ ਨਾਲ ਖੇਡਾਂ ਦਾ ਵੀ ਆਪਣਾ ਅਹਿਮ ਅਤੇ ਢੁਕਵਾਂ ਯੋਗਦਾਨ ਹੈ। ਖੇਡਾਂ ਨਾ ਕੇਵਲ ਸਰੀਰਕ ਸਗੋਂ ਮਾਨਸਿਕ ਪੱਖ ਤੋਂ ਵੀ ਵਿਦਿਆਰਥੀਆਂ ਦਾ ਵਿਕਾਸ ਕਰਦੀਆਂ ਹਨ । ਜੀ.ਐਚ.ਜੀ ਪਬਲਿਕ ਸਕੂਲ, ਸਿੱਧਵਾਂ ਖੁਰਦ ਦੇ ਪ੍ਰਿੰਸੀਪਲ ਸ੍ਰੀ ਪਵਨ ਸੂਦ ਜੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ 8 ਵੀਂ ਜਮਾਤ ਦਾ ਵਿਦਿਆਰਥੀ ਜਸਕਰਨ ਸਿੰਘ ਨੇ ਰਾਜ ਪੱਧਰੀ ਫੁੱਟਬਾਲ ਟੂਰਨਾਮੈਂਟ 'ਚ ਭਾਗ ਲਿਆ। ਇਹ ਪੰਜਾਬ ਸਕੂਲ ਖੇਡਾਂ ਰਾਜ ਪੱਧਰੀ ਫੁੱਟਬਾਲ ਟੂਰਨਾਮੈਂਟ 26 ਤੋਂ 29 ਨਵੰਬਰ 2022 ਤੱਕ ਬਟਾਲਾ (ਗੁਰਦਾਸਪੁਰ) ਵਿੱਖੇ ਆਯੋਜਿਤ ਕੀਤਾ ਗਿਆ। ਸਕੂਲ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਜਸਕਰਨ ਸਿੰਘ ਨੇ ਫੁੱਟਬਾਲ ਟੂਰਨਾਮੈਂਟ ਵਿੱਚ ਅੰਡਰ-14 ਲੜਕਿਆਂ ਦੇ ਗਰੁੱਪ ਵਿੱਚ ਦੂਜਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਸ੍ਰੀ ਪਵਨ ਸੂਦ ਜੀ ਨੇ ਖਿਡਾਰੀ ਅਤੇ ਉਸਦੇ ਕੋਚਾ ਸ੍ਰੀ ਹਰਮਨਦੀਪ ਸਿੰਘ (ਡੀ.ਪੀ.ਈ.) ਅਤੇ ਸ੍ਰੀ ਭੁਪਿੰਦਰ ਸਿੰਘ (ਡੀ.ਪੀ.ਈ.) ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਖਿਡਾਰੀ ਦਾ ਆਤਮਵਿਸ਼ਵਾਸ ਵਧਾਉਣ ਲਈ ਉਨ੍ਹਾਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਹੋਰ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।