ਪਿੰਡ ਪੱਧਰ ’ਤੇ ਲੋਕ ਸਮੱਸਿਆਵਾਂ ਦੇ ਹੱਲ ਲਈ ‘ਜਨ ਸੁਣਵਾਈ ਕੈਂਪ’ ਪੰਜਾਬ ਸਰਕਾਰ ਦਾ ਅਹਿਮ ਉਪਰਾਲਾ : ਵਿਧਾਇਕ ਬੁੱਧ ਰਾਮ

  • ਵਿਧਾਇਕ ਬੁੱਧ ਰਾਮ ਅਤੇ ਐਸ.ਡੀ.ਐਮ ਪ੍ਰਮੋਦ ਸਿੰਗਲਾ ਨੇ ਪਿੰਡ ਮਲਕੋਂ ਵਿਖੇ ਕੈਂਪ ਦੌਰਾਨ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ਮਾਨਸਾ, 25 ਮਈ : ਪੰਜਾਬ ਸਰਕਾਰ ਵੱਲੋਂ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਯੋਜਨਾਵਾਂ ਉਲੀਕੀਆਂ ਗਈਆਂ ਹਨ। ਇਨ੍ਹਾਂ ਲੋਕ ਭਲਾਈ ਸਕੀਮਾਂ ਬਾਰੇ ਪਿੰਡ ਪੱਧਰ ’ਤੇ ਲੋਕਾਂ ਨੂੰ ਜਾਣੂ ਕਰਵਾਉਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਲਗਾਏ ਜਾ ਰਹੇ ‘ਜਨ ਸੁਣਵਾਈ ਕੈਂਪ’ ਪੰਜਾਬ ਸਰਕਾਰ ਦਾ ਅਹਿਮ ਉਪਰਾਲਾ ਹੈ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿਧਾਇਕ ਹਲਕਾ ਬੁਢਲਾਡਾ ਪ੍ਰਿੰਸੀਪਲ ਸ੍ਰੀ ਬੁੱਧ ਰਾਮ ਨੇ ਪਿੰਡ ਮਲਕੋਂ ਵਿਖੇ ਲਗਾਏ ‘ਜਨ ਸੁਣਵਾਈ ਕੈਂਪ’ ਦੌਰਾਨ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐਮ. ਬੁਢਲਾਡਾ ਸ੍ਰੀ ਪ੍ਰਮੋਦ ਸਿੰਗਲਾ ਵੀ ਮੌਜੂਦ ਸਨ। ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਪੇਂਡੂ ਇਲਾਕੇ ਦੇ ਸਰਕਾਰੀ ਦਫ਼ਤਰਾਂ ਤੱਕ ਨਾ ਪਹੁੰਚ ਸਕਣ ਵਾਲੇ ਲੋਕਾਂ ਲਈ ‘ਜਨ ਸੁਣਵਾਈ ਕੈਂਪ’ ਸਹਾਈ ਸਾਬਿਤ ਹੋ ਰਹੇ ਹਨ ਅਤੇ ਲੋਕ ਇਨ੍ਹਾਂ ਕੈਂਪਾਂ ਦਾ ਲਾਹਾ ਲੈ ਕੇ ਆਪਣੇ ਸਰਕਾਰੀ ਵਿਭਾਗਾਂ ਨਾਲ ਸਬੰਧਤ ਕੰਮਾਂ ਦਾ ਹੱਲ ਕਰਵਾ ਰਹੇ ਹਨ। ਉਨ੍ਹਾਂ ਲੋਕਾਂ ਦੀਆਂ ਵੱਖ ਵੱਖ ਮਸਲਿਆਂ ਸਬੰਧੀ ਆਈਆਂ ਸ਼ਿਕਾਇਤਾਂ, ਸਮੱਸਿਆਵਾਂ ਦਾ ਮੌਕੇ ’ਤੇ ਹੀ ਹਾਜ਼ਰ ਅਧਿਕਾਰੀਆਂ ਨਾਲ ਰਾਬਤਾ ਕਰਕੇ ਹੱਲ ਕਰਵਾਇਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਦੀ ਭਲਾਈ ਲਈ ਇਤਿਹਾਸਕ ਫੈਸਲੇ ਲਏ ਹਨ ਅਤੇ ਬਿਨ੍ਹਾਂ ਕਿਸੇ ਪੱਖਪਾਤ ਤੋਂ ਹਰ ਵਰਗ ਦੀ ਭਲਾਈ ਲਈ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ‘ਪੰਜਾਬ ਸਰਕਾਰ, ਤੁਹਾਡੇ ਦੁਆਰ’ ਤਹਿਤ ਲਗਾਏ ਜਾ ਰਹੇ ‘ਜਨ ਸੁਣਵਾਈ ਕੈਂਪਾਂ’ ਦਾ ਲੋਕ ਵੱਧ ਤੋਂ ਵੱਧ ਲਾਹਾ ਲੈਣ ਤਾਂ ਜੋ ਉਨ੍ਹਾਂ ਨੂੰ ਆਪਣੇ ਕੰਮ ਕਰਵਾਉਣ ਲਈ ਕਿਸੇ ਪ੍ਰਕਾਰ ਦੀ ਕੋਈ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਐਸ.ਡੀ.ਐਮ. ਬੁਢਲਾਡਾ ਸ੍ਰੀ ਪ੍ਰਮੋਦ ਸਿੰਗਲਾ ਨੇ ਕਿਹਾ ਕਿ ਲੋਕਾਂ ਨੂੰ ਪਾਰਦਰਸ਼ੀ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਆਮ ਜਨਤਾ ਦੀਆਂ ਦਰਪੇਸ਼ ਮੁਸ਼ਕਿਲਾਂ ਦੇ ਹਰ ਸੰਭਵ ਨਿਪਟਾਰੇ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ‘ਜਨ ਸੁਣਵਾਈ ਕੈਂਪਾਂ’ ਵਿਚ ਆਉਣ ਵਾਲੀਆਂ ਆਮ ਲੋਕਾਂ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਸਰਕਾਰੀ ਵਿਭਾਗਾਂ ਨਾਲ ਸਬੰਧਤ ਕੰਮਾਂ ਦੇ ਸਮਾਂਬੱਧ ਹੱਲ ਲਈ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ।