ਜੈਤੋ ਦੀ ਜੰਮਪਲ ਲੜਕੀ ਕੈਨੇਡਾ ਦੀ ਟੋਰਾਂਟੋ ਪੁਲੀਸ ਵਿੱਚ ਹੋਈ ਭਰਤੀ

ਜੈਤੋ, 7 ਜੂਨ : ਜੈਤੋ ਸਬ-ਡਵੀਜ਼ਨ ਅਧੀਨ ਆਉਂਦੇ ਪਿੰਡ ਬੁਰਜ ਹਰੀਕਾ ਦੀ ਜੰਮਪਲ ਲੜਕੀ ਹਰਪ੍ਰੀਤ ਕੌਰ ਬਰਾੜ ਪੁੱਤਰੀ ਡਾਕਟਰ ਸਤਨਾਮ ਸਿੰਘ ਖਾਲਸਾ ਨੇ ਕੈਨੇਡਾ ਦੀ ਟੋਰਾਂਟੋ ਪੁਲੀਸ ਵਿੱਚ ਭਰਤੀ ਹੋ ਕੇ ਪਿੰਡ ਤੇ ਜ਼ਿਲ੍ਹਾ ਫ਼ਰੀਦਕੋਟ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਸਾਹਿਤਕਾਰ ਸਤਨਾਮ ਸਿੰਘ ਬੁਰਜ ਹਰੀਕਾ ਨੇ ਦੱਸਿਆ ਕਿ ਡਾਕਟਰ ਸਤਨਾਮ ਸਿੰਘ ਖਾਲਸਾ ਪੁੱਤਰ ਤੇਜਾ ਸਿੰਘ ਅਕਾਲੀ ਪਿੰਡ ਦਾ ਬੇਹੱਦ ਸ਼ਰੀਫ ਇਮਾਨਦਾਰ ਤੇ ਮਿਹਨਤੀ ਪਰਿਵਾਰ ਹੈ। ਪਰਿਵਾਰ ਦੀ ਲੜਕੀ ਦੀ ਇਸ ਪ੍ਰਾਪਤੀ ਨਾਲ ਉਨ੍ਹਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਹਰਪ੍ਰੀਤ ਕੌਰ ਬਰਾੜ ਮੁੱਢਲੀ ਪੜ੍ਹਾਈ ਕਰਨ ਉਪਰੰਤ ਉੱਚ ਵਿੱਦਿਆ ਹਾਸਿਲ ਕਰਨ ਕੈਨੇਡਾ ਚਲੀ ਗਈ। ਉੱਥੇ ਆਪਣੀ ਲਗਨ ਤੇ ਮਿਹਨਤ ਨਾਲ ਉੱਚ ਵਿੱਦਿਆ ਪ੍ਰਾਪਤ ਕਰਕੇ ਕੈਨੇਡਾ ਦੀ ਟੋਰਾਂਟੋ ਪੁਲੀਸ ਵਿੱਚ ਉਹ ਭਰਤੀ ਹੋਈ ਹੈ। ਉਸ ਦੀ ਮਿਹਨਤ ਸਦਕਾ ਦੁਨੀਆ ਅੰਦਰ ਪਿੰਡ ਬੁਰਜ ਹਰੀਕਾ ਤੇ ਫ਼ਰੀਦਕੋਟ ਜ਼ਿਲ੍ਹੇ ਦਾ ਨਾਮ ਰੌਸ਼ਨ ਹੋਇਆ ਹੈ। ਇਸ ਦੇ ਨਾਲ ਹੀ ਦੁਨੀਆਂ ਦੇ ਹਰ ਕੋਨੇ ਵਿੱਚ ਵਸਦੇ ਪੰਜਾਬੀਆਂ ਦਾ ਸਿਰ ਫ਼ਖਰ ਨਾਲ ਉੱਚਾ ਹੋਇਆ ਹੈ। ਉਨ੍ਹਾਂ ਇਸ ਪ੍ਰਾਪਤੀ ਤੇ ਹਰਪ੍ਰੀਤ ਕੌਰ ਬਰਾੜ ਤੇ ਉਨ੍ਹਾਂ ਦੇ ਪਿਤਾ ਡਾਕਟਰ ਸਤਨਾਮ ਸਿੰਘ ਖਾਲਸਾ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਹੋਰ ਤਰੱਕੀ ਦੀ ਕਾਮਨਾ ਕੀਤੀ। ਇਸ ਨਿਯੁਕਤੀ ਨਾਲ ਪਿੰਡ ਬੁਰਜ ਹਰੀਕਾ ਸਮੇਤ ਪੂਰੇ ਫ਼ਰੀਦਕੋਟ ਜ਼ਿਲ੍ਹੇ ਅੰਦਰ ਖੁਸ਼ੀ ਪਾਈ ਜਾ ਰਹੀ ਹੈ। ਇਸ ਮੌਕੇ ਹਰਪ੍ਰੀਤ ਕੌਰ ਬਰਾੜ ਦੇ ਚਾਚਾ ਸੁਖਬੀਰ ਸਿੰਘ ਬਰਾੜ ਨੇ ਵੀ ਵਧਾਈ ਦਿੱਤੀ।