ਸਃ ਜਗਦੇਵ ਸਿੰਘ ਜੱਸੋਵਾਲ ਦੇ 88ਵੇਂ ਜਨਮ ਦਿਨ ਤੇ ਸ਼ੁਭ ਚਿੰਤਕਾਂ ਨੇ ਯਾਦ -ਪਟਾਰੀਆਂ ਖੋਲ੍ਹੀਆਂ

  • ਸਃ ਜੱਸੋਵਾਲ ਕੋਲ ਦੂਸਰਿਆ ਨੂੰ ਵੰਡਣ ਲਈ ਹਰ ਵਕਤ ਸੱਜਰਾ ਸੁਪਨਾ ਹੁੰਦਾ ਸੀ : ਪ੍ਰੋ. ਗੁਰਭਜਨ ਸਿੰਘ ਗਿੱਲ

ਲੁਧਿਆਣਾ, 30 ਅਪ੍ਰੈਲ : ਸਃ ਜਗਦੇਵ ਸਿੰਘ ਜੱਸੋਵਾਲ ਦੇ 88ਵੇਂ ਜਨਮ ਦਿਨ ਤੇ ਸ਼ੁਭ ਚਿੰਤਕਾਂ ਦੇ ਵਿਸ਼ਾਲ ਇਕੱਠ ਵਿੱਚ ਪੁਰਾਣੇ ਸਾਥੀਆਂ, ਸ਼ਾਗਿਰਦਾਂ ਤੇ ਪਰਿਵਾਰਕ ਸਨੇਹੀਆਂ ਨੇ ਸਃ ਜੱਸੋਵਾਲ ਨਾਲ ਸਬੰਧਿਤ ਯਾਦ - ਪਟਾਰੀਆਂ ਖੋਲ੍ਹੀਆਂ। ਸਾਬਕਾ ਮੰਤਰੀ ਸਃ ਮਲਕੀਅਤ ਸਿੰਘ ਦਾਖਾ,ਸਾਬਕਾ ਚੇਅਰਮੈਨ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਤੇ ਅਮਰਜੀਤ ਸਿੰਘ ਟਿੱਕਾ, ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਪ੍ਰਧਾਨ ਸਃ ਪਰਗਟ ਸਿੰਘ ਗਰੇਵਾਲ, ਸਕੱਤਰ ਜਨਰਲ ਡਾਃ ਨਿਰਮਲ ਸਿੰਘ ਜੌੜਾ, ਸਭਿਆਚਾਰਕ ਸੱਥ ਪੰਜਾਬ ਦੇ ਚੇਅਰਮੈਨ ਸਃ ਜਸਮੇਰ ਸਿੰਘ ਢੱਟ, ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਜੀ ਦੇ ਪੋਤਰੇ ਸਃ ਇੰਦਰਜੀਤ ਸਿੰਘ ਬੱਬੂ, ਪੰਜਾਬੀ ਗੀਤਕਾਰ ਸਰਬਜੀਤ ਵਿਰਦੀ, ਫੋਟੋ ਕਲਾਕਾਰ ਤੇ ਕਵੀ ਰਵਿੰਦਰ ਰਵੀ,ਪੰਜਾਬੀ ਕਵੀ ਅਮਰਜੀਤ ਸ਼ੇਰਪੁਰੀ ਤੇ ਪ੍ਰਸਿੱਧ ਢਾਡੀ ਸਃ ਬਲਬੀਰ ਸਿੰਘ ਫੁੱਲਾਂਵਾਲ ਨੇ ਵੀ ਸਃ ਜਗਦੇਵ ਸਿੰਘ ਜੱਸੋਵਾਲ ਨਾਲ ਸਬੰਧਿਤ ਯਾਦਾਂ ਸਾਂਝੀਆਂ ਕੀਤੀਆਂ। ਸਃ ਜਗਦੇਵ ਸਿੰਘ ਜੱਸੋਵਾਲ ਦੇ ਪੋਤਰੇ ਸਃ ਅਮਰਿੰਦਰ ਸਿੰਘ ਜੱਸੋਵਾਲ ਨੇ ਆਈਆਂ ਸ਼ਖਸੀਅਤਾਂ ਦੀ ਸੁਆਗਤ ਕਰਦਿਆਂ ਕਿਹਾ ਮੇਰੇ ਦਾਦਾ ਜੀ ਦਾ ਪਰਿਵਾਰ ਪੂਰੇ ਸੰਸਾਰ ਵਿੱਚ ਫ਼ੈਲਿਆ ਹੋਇਆ ਹੈ ਜਿਸ ਸਦਕਾ ਸਵੇਰ ਤੋਂ ਹੀ ਦੇਸ਼ ਬਦੇਸ਼ ਤੋਂ ਮੁਬਾਰਕ ਸੰਜੇਸ਼ ਮਿਲ ਰਹੇ  ਹਨ। ਉਨ੍ਹਾਂ ਕਿਹਾ ਕਿ ਇਹ ਬਾਪੂ ਜੀ ਦਾ ਆਲ੍ਹਣਾ ਸਭਨਾਂ ਲਈ ਹੁਣ ਵੀ ਉਵੇਂ ਹੀ ਸਭ ਦਾ ਸੁਆਗਤ ਕਰਦਾ ਹੈ ਜਿਵੇਂ ਬਾਪੂ ਜੀ ਵੇਲੇ ਹੁੰਦਾ ਸੀ। ਇਸ ਮੌਕੇ ਬੋਲਦਿਆਂ ਸਃ ਮਲਕੀਅਤ ਸਿੰਘ ਦਾਖਾ ਨੇ ਕਿਹਾ ਕਿ ਸਃ ਜਗਦੇਵ ਸਿੰਘ ਜੱਸੋਵਾਲ ਇਤਿਹਾਸ ਗਿਆਤਾ ਸਨ ਅਤੇ ਚੰਗੇ ਭਵਿੱਖ ਦੇ ਸੁਪਨਕਾਰ ਸਨ। ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਰਾਏਕੋਟ ਹਲਕੇ ਦੇ 1980 ਤੋਂ 1985 ਤੀਕ ਉਹ ਵਿਧਾਇਕ ਰਹੇ। ਇਸ ਸਮੇਂ ਵਿੱਚ ਹੀ ਉਹ ਮੇਰੇ ਰਾਹ ਦਿਸੇਰਾ ਬਣੇ। ਡਾਃ ਨਿਰਮਲ ਜੌੜਾ ਨੇ ਕਿਹਾ ਕਿ 1990 ਤੋਂ ਲੈ ਕੇ ਉਨ੍ਹਾਂ ਦੇ ਆਖ਼ਰੀ ਸਵਾਸਾਂ ਤੀਕ ਮੈਂ ਉਨ੍ਹਾਂ ਦਾ ਪਰਛਾਵਾਂ ਬਣ ਕੇ ਨਾਲ ਨਾਲ ਰਿਹਾ, ਜਿਸਦਾ ਮੈਨੂੰ  ਰੱਜ ਕੇ ਮਾਣ ਹੈ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿ ਸਃ ਜੱਸੋਵਾਲ ਕੋਲ ਦੂਸਰਿਆ ਨੂੰ ਵੰਡਣ ਲਈ ਹਰ ਵਕਤ ਸੱਜਰਾ ਸੁਪਨਾ ਹੁੰਦਾ ਸੀ। ਉਹ ਡਬਲ ਐੱਮ ਏ, ਲਾਅ ਗਰੈਜੂਏਟ ਤੇ ਲੋਕ ਤੰਤਰੀ ਪਰੰਪਰਾਵਾਂ ਦੇ ਜਾਣਕਾਰ ਹੋਣ ਕਾਰਨ ਸਾਡੇ ਮਾਰਗ ਦਰਸ਼ਕ ਸਨ। ਮੈਨੂੰ ਮਾਣ ਹੈ ਕਿ 1971-72 ਤੋਂ ਲੈ ਕੇ 2014 ਤੀਕ ਮੇਰੇ ਪਰਿਵਾਰਕ ਦੁਖ ਸੁਖ ਵਿੱਚ ਸ਼ਾਮਿਲ ਰਹੇ। ਉਨ੍ਹਾਂ ਸੁਝਾਅ ਦਿੱਤਾ ਕਿ ਸਾਨੂੰ ਹਰ ਮਹੀਨੇ ਗੁਰਦੇਵ ਨਗਰ ਵਿੱਚ ਉਨ੍ਹਾਂ ਦੀ ਯਾਦ ਵਿੱਚ ਜੁੜ ਬੈਠਣਾ ਚਾਹੀਦਾ ਹੈ ਅਤੇ ਸਮਾਜਿਕ ਸਾਰਥਿਕਤਾ ਵਾਲਾ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ। ਸਃ ਪਰਗਟ ਸਿੰਘ ਗਰੇਵਾਲ ਨੇ ਕਿਹਾ ਕਿ ਜ਼ਿੰਦਗੀ ਦੇ ਸਭ ਖੇਤਰਾਂ ਵਿੱਚ ਉਨ੍ਹਾਂ ਦੀਆਂ ਪੈੜਾਂ ਨਿਵੇਕਲੀਆਂ ਹਨ। ਅਸੀਂ ਤਾ ਉਨ੍ਹਾਂ ਦੇ ਲਾਏ ਹੋਏ ਬੂਟੇ ਹਾਂ। ਇਸ ਮੌਕੇ ਸਃ ਜਗਦੇਵ ਸਿੰਘ ਜੱਸੋਵਾਲ ਦੇ ਭਤੀਜੇ ਸਃ ਮਨਿੰਦਰ ਸਿੰਘ ਗਰੇਵਾਲ, ਦਾਦ ਪਿੰਡ ਦੇ ਸਰਪੰਚ ਸਃ ਜਗਦੀਸ਼ਪਾਲ ਸਿੰਘ ਗਰੇਵਾਲ,ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਮੀਤ ਪ੍ਰਧਾਨ ਸਃ ਗੁਰਨਾਮ ਸਿੰਘ ਧਾਲੀਵਾਲ,ਸਃ ਮਨਜੀਤ ਸਿੰਘ ਹੰਭੜਾਂ,ਰਾਜੀਵ ਕੁਮਾਰ ਲਵਲੀ, ਕਮਾਂਡੈਂਟ ਸਃ ਭੁਪਿੰਦਰ ਸਿੰਘ ਧਾਲੀਵਾਲ (ਚੌਕੀਮਾਨ) ਮਣੀ ਖੀਵਾ, ਅਜੈ ਸਿੱਧੂ, ਹਨੀ ਦੱਤਾ, ਗਾਇਕ ਤੇ ਗੀਤਕਾਰ ਲਵ ਸੈਦਪੁਰੀਆ,ਗੁਰਪ੍ਰੀਤ ਸਿੰਘ ਮਾਦਪੁਰ ਸਮੇਤ ਕਈ ਸਿਰਕੱਢ ਸ਼ਖਸੀਅਤਾਂ ਹਾਜ਼ਰ ਸਨ।