ਝੋਨੇ ਦੀ ਫਸਲ ਦਾ ਰਕਬਾ ਘਟਾ ਕੇ ਹੋਰ ਲਾਹੇਵੰਦ ਫਸਲਾਂ ਨੂੰ ਤਰਜੀਹ ਦੇਣੀ ਜ਼ਰੂਰੀ : ਡਿਪਟੀ ਕਮਿਸ਼ਨਰ ਯਾਦਵ

ਰੂਪਨਗਰ, 5 ਮਈ : ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਹੇਠਾਂ ਗਿਰ ਰਹੇ ਪਾਣੀ ਦੇ ਪੱਧਰ ਨੂੰ ਰੋਕਣ ਲਈ ਬੜੀ ਹੀ ਗੰਭੀਰਤਾ ਨਾਲ ਉਪਰਾਲੇ ਕੀਤੇ ਜਾ ਰਹੇ ਹਨ। ਜਿਹਨਾਂ ਵਿੱਚ ਹੋਰ ਘੱਟ ਪਾਣੀ ਨਾਲ ਹੋਣ ਵਾਲੀਆਂ ਲਾਹੇਵੰਦ ਫਸਲਾਂ ਜਿਵੇਂ ਕਿ ਝੋਨੇ ਦੀ ਸਿੱਧੀ ਬਿਜਾਈ, ਮੂੰਗੀ, ਮਾਂਹ, ਤਿੱਲ ਅਤੇ ਮੂੰਗਫਲੀ ਆਦਿ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਉੱਤਮ ਖੇਤੀ ਪ੍ਰੋਡਿਊਸਰ ਕੰਪਨੀ ਰੂਪਨਗਰ ਵਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਰਾਸ਼ੀ ਸੀਡਜ਼ ਕੰਪਨੀ ਅਤੇ ਖੇਤੀ ਵਿਰਾਸਤ ਮਿਸ਼ਨ ਜੈਤੋ ਦੇ ਸਾਂਝੇ ਉਪਰਾਲੇ ਸਦਕਾ ਡੀ.ਏ.ਵੀ.ਪਬਲਿਕ ਸਕੂਲ ਰੂਪਨਗਰ ਵਿਖੇ ਕਿਸਾਨ ਮਿਲਣੀ ਵਿੱਚ ਵਿਸ਼ੇਸ ਤੌਰ ਤੇ ਸ਼ਿਰਕਤ ਕਰਦਿਆਂ ਕੀਤਾ ਗਿਆ। ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਕਿਸਾਨਾਂ ਨੂੰ ਨਿਵੇਕਲੀ ਪਹਿਲਕਦਮੀ ਕਰਕੇ ਝੋਨੇ ਦੀ ਫਸਲ ਦਾ ਰਕਬਾ ਘਟਾ ਕੇ ਹੋਰ ਫਸਲਾਂ ਵੱਲ ਤਰਜੀਹ ਦੇਣੀ ਚਾਹੀਦੀ ਹੈ। ਡਿਪਟੀ ਕਮਿਸ਼ਨਰ ਵੱਲੋਂ ਮੂਲ ਅਨਾਜ ਅਤੇ ਮੂੰਗਫਲੀ ਦੇ ਬੀਜਣ ਵਾਲੇ ਚਾਹਵਾਨ ਕਿਸਾਨਾਂ ਨੂੰ ਬੀਜਾਂ ਦੀ ਵੰਡ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨਾਲ ਰਾਜਾਂ ਵਿੱਚ ਹਾਲੇ ਵੀ ਬਹੁਤ ਜਿਆਦਾ ਲੋਕ ਮੂਲ ਅਨਾਜਾਂ ਦੀ ਖਪਤ ਕਰ ਰਹੇ ਹਨ, ਪਰ ਪੰਜਾਬ ਵਿਚ ਜਿਆਦਾ ਲੋਕ ਕਣਕ ਉੱਤੇ ਹੀ ਨਿਰਭਰ ਹਨ, ਜਦਕਿ ਸਾਨੂੰ ਇਨਾਂ ਨੂੰ ਆਪਣੀ ਖੁਰਾਕ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ। ਇਸ ਪ੍ਰੋਗਰਾਮ ਵਿੱਚ ਖੇਤੀ ਵਿਰਾਸਤ ਮਿਸ਼ਨ ਜੈਤੋ ਵਲੋਂ ਸ਼੍ਰੀ ਉਮੇਂਦਰ ਦੱਤ ਵੱਲੋਂ ਜੈਵਿਕ ਖੇਤੀ ਅਤੇ ਮੂਲ ਅਨਾਜਾਂ ਦੀ ਕਾਸ਼ਤ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੂਲ ਅਨਾਜਾਂ ਦੀ ਵਰਤੋਂ ਲਈ ਕਈ ਬਿਮਾਰੀਆਂ ਆਪਣੇ ਆਪ ਹੀ ਠੀਕ ਹੋ ਜਾਂਦੀਆਂ ਹਨ। ਇਸ ਲਈ ਇਨਾਂ ਨੂੰ ਰੋਜ਼ਾਨਾ ਖਾਣ-ਪਾਣ ਸ਼ੈਲੀ ਵਿੱਚ ਸਾਨੂੰ ਇਨਾਂ ਦੇ ਇਸਤੇਮਾਲ ਨੂੰ ਸ਼ਾਮਿਲ ਕਰਨਾਂ ਬਹੁਤ ਹੀ ਜਰੂਰੀ ਹੈ। ਖੇਤੀ ਵਿਰਾਸਤ ਮਿਸ਼ਨ ਵਲੋਂ ਸ਼੍ਰੀਮਤੀ ਸਰਬਜੀਤ ਕੌਰ ਨੇ ਕਿਹਾ ਕਿ ਮੂਲ ਅਨਾਜਾਂ ਨੂੰ ਕਿਸ ਤਰਾਂ ਪਕਾਇਆ ਜਾਵੇ ਅਤੇ ਇਸ ਦੇ ਸਵਾਦਿਸ਼ਟ ਭੋਜਨ ਬਣਾਉਣ ਦੀਆਂ ਵੱਖ-ਵੱਖ ਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਵੱਲੋਂ ਵੀ ਨਰਮੇ, ਮੂਲ ਅਨਾਜਾਂ ਦੀਆਂ ਫਸਲਾਂ ਅਤੇ ਮੂੰਗਫਲੀ ਆਦਿ ਫਸਲਾਂ ਨੂੰ ਬਹੁਤ ਹੀ ਘੱਟ ਪਾਣੀ ਲੱਗਦਾ ਹੈ ਉਨਾਂ ਨੂੰ ਬੀਜਣ ਲਈ ਉਤਸਾਹਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਡਾ. ਸੰਜੀਵ ਆਹੂਜਾ ਪ੍ਰੋਫੈਸਰ, ਕੇ.ਵੀ.ਕੇ. ਰੂਪਨਗਰ ਵਲੋਂ ਜੈਵਿਕ ਸਬਜੀਆਂ ਦੀ ਕਾਸ਼ਤ, ਡਾ.ਰਮਨ ਕਰੋੜੀਆਂ ਖੇਤੀਬਾੜੀ ਅਫਸਰ ਰੂਪਨਗਰ ਵਲੋਂ ਮਿਲਟਸ ਦੀ ਕਾਸ਼ਤ, ਸ. ਚਤਰਜੀਤ ਸਿੰਘ, ਬਾਗਬਾਨੀ ਵਿਕਾਸ ਅਫਸਰ ਵਲੋਂ ਬਾਗਾਂ ਦੀ ਸਾਂਭ ਸੰਭਾਲ ਅਤੇ ਬਾਗਬਾਨੀ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਮੰਚ ਦਾ ਸੰਚਾਲਨ ਡਾ. ਰਣਯੋਧ ਸਿੰਘ, ਸਹਾਇਕ ਪੌਦ ਸੁਰੱਖਿਆ ਅਫਸਰ ਰੂਪਨਗਰ ਵਲੋ ਕੀਤਾ ਗਿਆ ਅਤੇ ਸ੍ਰੀ ਨਵੀਨ ਦਰਦੀ ਵਲੋਂ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਬਣਦਾ ਯੋਗਦਾਨ ਪਾਇਆ ਗਿਆ। ਇਸ ਪ੍ਰੋਗਰਾਮ ਵਿਚ ਪ੍ਰਿੰਸੀਪਲ ਡੀ.ਏ.ਵੀ. ਪਬਲਿਕ ਸਕੂਲ ਸ਼੍ਰੀਮਤੀ ਸੰਗੀਤਾ ਰਾਣੀ ਵੱਲੋਂ ਵੀ ਗਿਆਰਵੀਂ ਅਤੇ ਬਾਰਵੀਂ ਕਲਾਸ ਦੇ ਖੇਤੀਬਾੜੀ ਪੜਨ ਵਾਲੇ ਬੱਚਿਆਂ ਸਮੇਤ ਸ਼ਿਰਕਤ ਕੀਤੀ ਗਈ। ਇਸ ਮਿਲਣੀ ਵਿੱਚ ਅਗਾਂਹਵਧੂ ਕਿਸਾਨ  ਸੁਰਿੰਦਰ ਕੌਰ ਦਰਦੀ, ਰਾਜ ਕੁਮਾਰ ਅਗੰਮਪੁਰ, ਪ੍ਰੋ. ਦਵਿੰਦਰ ਸਿੰਘ, ਕਮਲਜੀਤ ਸਿੰਘ ਬੰਦੇਮਾਹਲਾ, ਅਮਲ ਇੰਦਰ ਸਿੰਘ ਮਾਹਲਾਂ, ਭੁਪਿੰਦਰ ਸਿੰਘ ਬੋਲਾ ਬਹਿਰਾਮਪੁਰ, ਰਾਜੇਸ਼ ਰਾਣਾ ਅਗੰਮਪੁਰ, ਮਨਜੀਤ ਸਿੰਘ, ਦਵਿੰਦਰ ਸ਼ਰਮਾ, ਗੁਰਦੀਪ ਸਿੰਘ, ਅਮ੍ਰਿਤਪਾਲ ਸਿੰਘ, ਜਗਦੀਸ਼ ਲਾਲ,  ਜਸਵਿੰਦਰ ਕੌਰ ਅਤੇ ਜਤਿੰਦਰ ਕੌਰ ਆਦਿ ਸ਼ਾਮਲ ਹੋਏ।