ਪੰਜਾਬ ਵਿਚ ਭਾਜਪਾ ਦੀ ਸਰਕਾਰ ਲਿਆਉਣੀ ਜ਼ਰੂਰੀ ਹੈ : ਰਵਨੀਤ ਬਿੱਟੂ 

ਲੁਧਿਆਣਾ, 2 ਅਪ੍ਰੈਲ : ਪੰਜਾਬ ਦੀ ਲੁਧਿਆਣਾ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਅੱਜ ਲੁਧਿਆਣਾ ਪਹੁੰਚ ਗਏ ਹਨ। ਭਾਜਪਾ ਵਰਕਰਾਂ ਨੇ ਰੇਲਵੇ ਸਟੇਸ਼ਨ ’ਤੇ ਢੋਲ ਵਜਾ ਕੇ ਬਿੱਟੂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਬਿੱਟੂ ਸ਼ਹਿਰ ਵਿਚ ਰੋਡ ਸ਼ੋਅ ਕੱਢ ਕੇ ਭਾਜਪਾ ਦਫ਼ਤਰ ਜਾਣਗੇ। ਇਸ ਦੌਰਾਨ ਉਹ ਭਾਜਪਾ 'ਚ ਆਪਣੇ ਕਈ ਕਰੀਬੀ ਨੇਤਾਵਾਂ ਨੂੰ ਵੀ ਸ਼ਾਮਲ ਕਰ ਸਕਦੇ ਹਨ। ਜਗਰਾਓਂ ਪੁਲ ਨੇੜੇ ਦੁਰਗਾ ਮਾਤਾ ਮੰਦਰ ਵਿਚ ਮੱਥਾ ਟੇਕਣ ਵੀ ਰੁਕੇ। ਦੱਸ ਦੇਈਏ ਕਿ ਰਵਨੀਤ ਬਿੱਟੂ 26 ਮਾਰਚ ਨੂੰ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ। ਪਾਰਟੀ ਵਿਚ ਸ਼ਾਮਲ ਹੋਣ ਦੇ 2 ਦਿਨ ਬਾਅਦ ਹੀ ਭਾਜਪਾ ਨੇ ਉਨ੍ਹਾਂ ਨੂੰ ਲੁਧਿਆਣਾ ਤੋਂ ਉਮੀਦਵਾਰ ਐਲਾਨ ਦਿੱਤਾ। ਲੁਧਿਆਣਾ ਪਹੁੰਚਣ ‘ਤੇ ਬਿੱਟੂ ਨੇ ਕਿਹਾ ਕਿ ਪੰਜਾਬ ਬਾਰਡਰ ਸਟੇਟ ਹੈ। ਅਜਿਹੀਆਂ ਬਹੁਤ ਸਾਰੀਆਂ ਤਾਕਤਾਂ ਹਨ ਜੋ ਸ਼ਾਂਤੀ ਭੰਗ ਕਰਨਾ ਚਾਹੁੰਦੀਆਂ ਹਨ। ਅੱਜ ਜੇਕਰ ਪੰਜਾਬ ਨੂੰ ਕੋਈ ਬਚਾ ਸਕਦਾ ਹੈ ਤਾਂ ਉਹ ਸਿਰਫ ਭਾਜਪਾ ਹੈ। ਬਿੱਟੂ ਨੇ ਕਿਹਾ ਕਿ ਉਦਯੋਗਪਤੀ ਪੰਜਾਬ ਛੱਡ ਕੇ ਉੱਤਰ ਪ੍ਰਦੇਸ਼ ਵਿਚ ਜਾ ਰਹੇ ਹਨ ਕਿਉਂਕਿ ਉਥੇ ਭਾਜਪਾ ਦੀ ਸਰਕਾਰ ਪੂਰੀ ਸੁਰੱਖਿਆ ਦਿੰਦੀ ਹੈ। ਪੰਜਾਬ ਕਈ ਸਾਲਾਂ ਤੋਂ ਬੇਚੈਨ ਹੈ। ਪੰਜਾਬ ਵਿਚ ਨਸ਼ਾ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਕੋਈ ਵੀ ਸਰਕਾਰ ਇਸ ‘ਤੇ ਨਕੇਲ ਨਹੀਂ ਪਾ ਸਕੀ ਹੈ। ਦੇਸ਼ ਦੇ ਨਾਲ-ਨਾਲ ਪੰਜਾਬ ਨੂੰ ਚਲਣਾ ਜ਼ਰੂਰੀ ਹੈ, ਇਸ ਲਈ ਪੰਜਾਬ ਵਿਚ ਭਾਜਪਾ ਦੀ ਸਰਕਾਰ ਲਿਆਉਣੀ ਜ਼ਰੂਰੀ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਉਨ੍ਹਾਂ ਦਾ ਭਾਜਪਾ ਵਿਚ ਸ਼ਾਮਲ ਹੋਣ ਦਾ ਕਾਰਨ ਇਹ ਹੈ ਕਿ ਭਾਜਪਾ ਨੇ ਜਦੋਂ ਫੈਸਲਾ ਕੀਤਾ ਕਿ ਉਹ ਇਕੱਲੇ ਚੋਣਾਂ ਲੜੇਗੀ, ਇਸੇ ਕਾਰਨ ਭਾਜਪਾ ਜੁਆਇਨ ਕੀਤੀ। ਪੰਜਾਬ ਵਿਚ ਕਰਤਾਰਪੁਰ ਦਾ ਰਸਤਾ ਮੋਦੀ ਸਰਕਾਰ ਨੇ ਖੋਲ੍ਹਿਆ ਹੈ।ਵੀਰ ਬਾਲ ਦਿਵਸ ਮੋਦੀ ਸਰਕਾਰ ਨੇ ਐਲਾਨਿਆ ਹੈ। ਇਸ ਨਾਲ ਸਿੱਖਾਂ ਨੂੰ ਉਨ੍ਹਾਂ ‘ਤੇ ਮਾਣ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਸ਼੍ਰੀ ਰਾਮ ਮੰਦਰ ਨਿਰਮਾਣ ਸਮੇਂ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਉਥੇ ਨਹੀਂ ਗਈ, ਇਹ ਉਨ੍ਹਾਂ ਦਾ ਗਲਤ ਫੈਸਲਾ ਸੀ।