ਤੀਆਂ ਪੰਜਾਬੀ ਸੱਭਿਆਚਾਰ ਦਾ ਅਹਿਮ ਹਿੱਸਾ : ਵਿਧਾਇਕ ਹੈਪੀ 

  • ਪਿੰਡ ਮਾਰਵਾ ਵਿਚ ਤੀਆਂ ਦਾ ਤਿਉਹਾਰ ਮਨਾਇਆ 

ਬੱਸੀ ਪਠਾਣਾਂ, 30 ਮਈ: ਪਿੰਡ ਮਾਰਵਾ ਵਿਖੇ ਤੀਆਂ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ ਤੇ ਇਸ ਮੌਕੇ ਸ਼ਿਰਕਤ ਕਰਦਿਆਂ ਵਿਧਾਇਕ ਸ. ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬੀਆਂ ਦੇ ਅਮੀਰ ਵਿਰਸੇ ਨਾਲ ਜੁੜਿਆ ਹੋਇਆ ਤਿਉਹਾਰ ਹੈ ਅਤੇ ਪੰਜਾਬੀ ਮੁਟਿਆਰਾਂ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਵਚਨਬੱਧ ਹੈ ਅਤੇ ਇਸ ਕੰਮ ਵਿੱਚ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਹਲਕਾ ਵਿਧਾਇਕ ਨੇ ਕਿਹਾ ਕਿ ਤੀਆਂ ਦਾ ਜਿ਼ਕਰ ਪੰਜਾਬੀ ਗੀਤਾਂ ਵਿੱਚ ਵੀ ਬਾਖੂਬੀ ਹੁੰਦਾ ਰਿਹਾ ਹੈ। ਅੱਜ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਤੇ ਨੌਜਵਾਨਾਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਈਏ ਕਿਉਂਕਿ ਆਪਣੇ ਸੱਭਿਆਚਾਰ ਤੋਂ ਵਿਛੜ ਕੇ ਕੋਈ ਤਰੱਕੀ ਨਹੀਂ ਕਰ ਸਕਦਾ।  ਪੰਜਾਬੀ ਜਿਥੇ ਆਪਣੀ ਬਹਾਦਰੀ ਕਾਰਨ ਦੁਨੀਆਂ ਭਰ ਵਿੱਚ ਜਾਣੇ ਜਾਂਦੇ ਹਨ ਉਥੇ ਹੀ ਪੰਜਾਬੀ ਗਿੱਧੇ ਤੇ ਭੰਗੜੇ ਦੀ ਗੂੰਜ ਵੀ ਦੁਨੀਆਂ ਭਰ ਵਿੱਚ ਸੁਣੀ ਜਾਂਦੀ ਹੈ। ਤੀਆਂ ਦਾ ਤਿਓਹਾਰ ਖਾਸ ਤੌਰ ’ਤੇ ਸਾਡੇ ਦਿਹਾਤੀ ਖੇਤਰ ਵਿੱਚ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸੂਬਾ ਤਾਂ ਹੀ ਤਰੱਕੀ ਕਰ ਸਕਦਾ ਹੈ ਜੇਕਰ ਉਥੇ ਦੇ ਲੋਕ ਆਪਣੇ ਵਿਰਸੇ ਨਾਲ ਜੜ੍ਹੋ ਜੁੜੇ ਹੋਣ। ਹਲਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਨੂੰ ਮੁੜ ਤੋਂ ਹੱਸਦਾ, ਵੱਸਦਾ ਤੇ ਰੰਗਲਾ ਪੰਜਾਬ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਵੱਡੀ ਗਿਣਤੀ ਲੜਕੀਆਂ, ਔਰਤਾਂ, ਪਿੰਡ ਵਾਸੀ ਤੇ ਪਤਵੰਤੇ ਮੌਜੂਦ ਸਨ।