ਸਬ ਡਵੀਜ਼ਨ ਅਮਰਗੜ੍ਹ ਵਿਖੇ ਸਿੰਚਾਈ ਵਾਲਾ ਨਹਿਰੀ ਪਾਣੀ 111 ਕਰੋੜ 34 ਲੱਖ ਰੁਪਏ ਦੀ ਲਾਗਤ ਨਾਲ ਪੱਕੇ ਅੰਡਰਗਰਾਊਂਡ ਪਾਈਪ ਲਾਇਨ ਅਤੇ ਪੱਕੇ ਖਾਲ ਦਾ ਨਿਰਮਾਣ ਕਰਕੇ ਕਿਸਾਨਾਂ ਦੀਆਂ ਟੇਲਾ ਤੱਕ ਪਹੁੰਚਾਇਆਂ ਜਾਵੇਗਾ ਨਹਿਰੀ ਪਾਣੀ

  • ਵਿਧਾਇਕ ਅਮਰਗੜ੍ਹ ਅਤੇ ਡਿਪਟੀ ਕਮਿਸ਼ਨਰ ਨੇ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਪਾਈ ਜਾਣ ਵਾਲੀ 05 ਕਿੱਲੋਮੀਟਰ ਨਹਿਰੀ ਸਿੰਚਾਈ ਲਈ ਅੰਡਰਗਰਾਊਂਡ ਪਾਈਪ ਲਾਇਨ ਦਾ ਰੱਖਿਆ ਨੀਂਹ ਪੱਥਰ
  • ਰੰਗਲੇ ,ਖ਼ੁਸ਼ਹਾਲ ਪੰਜਾਬ ਦੀ ਖ਼ੁਸ਼ਹਾਲੀ ਲਈ ਅਹਿਮ ਭੂਮਿਕਾ ਅਦਾ ਕਰੇਗਾ ਨਹਿਰੀ ਪਾਣੀ- ਵਿਧਾਇਕ ਅਮਰਗੜ੍ਹ
  • ਡਾ ਪੱਲਵੀ ਨੇ ਕਿਸਾਨ  ਭਰਾਵਾਂ ਨੂੰ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾ ਕੇ ਇਸ ਦੇ ਯੋਗ ਪ੍ਰਬੰਧਨ ਲਈ ਕੀਤਾ ਪ੍ਰੇਰਿਤ

ਅਮਰਗੜ੍ਹ, 01 ਨਵੰਬਰ : ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤਾਂ ਦੀਆਂ ਟੇਲਾ ਤੱਕ ਸਿੰਚਾਈ ਲਈ  ਪੂਰਾ ਸਿੰਚਾਈ ਵਾਲਾ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ  ਸਬ ਡਵੀਜ਼ਨ ਅਮਰਗੜ੍ਹ ਵਿਖੇ 111 ਕਰੋੜ 34 ਲੱਖ ਰੁਪਏ ਦੀ ਲਾਗਤ ਨਾਲ ਪੱਕੇ ਅੰਡਰਗਰਾਊਂਡ ਪਾਈਪ ਲਾਇਨ ਅਤੇ ਪੱਕੇ ਖਾਲ ਦਾ ਨਿਰਮਾਣ ਕਰਨ ਦੀ ਸਕੀਮ ਉਲੀਕੀ ਗਈ ਹੈ। ਇਸ ਗੱਲ ਦੀ ਜਾਣਕਾਰੀ ਵਿਧਾਇਕ ਅਮਰਗੜ੍ਹ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ ਸਬ ਡਵੀਜ਼ਨ ਅਮਰਗੜ੍ਹ ਦੇ ਪਿੰਡ ਅਲੀਪੁਰ ਵਿਖੇ  20 ਦਿਨਾਂ ਵਿੱਚ ਮੁਕੰਮਲ ਹੋਣ ਵਾਲੇ ਕਰੀਬ 01 ਕਰੋੜ ਦੀ ਲਾਗਤ ਨਾਲ 05 ਕਿੱਲੋਮੀਟਰ ਅੰਡਰਗਰਾਊਂਡ ਪਾਈਪ ਲਾਈਨ ਪਾਉਣ ਦੇ ਕੰਮ ਦਾ ਨੀਂਹ ਪੱਥਰ ਰੱਖਣ ਮੌਕੇ ਦਿੱਤੀ । ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਡਾ ਪੱਲਵੀ ਵੀ ਮੌਜੂਦ ਸਨ । ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਪੰਜਾਬ ਦੇ ਇਤਿਹਾਸ ਦੀ ਪਹਿਲੀ ਸਰਕਾਰ ਵਜੋਂ ਉੱਭਰੀ ਹੈ, ਜਿਸ ਨੇ ਨਹਿਰੀ ਪਾਣੀ ਦਾ ਯੋਗ ਪ੍ਰਬੰਧਨ ਕੀਤਾ ਹੈ। ਇਸ ਮੌਕੇ ਪਿੰਡ ਨਿਵਾਸੀਆਂ ਨੇ ਖ਼ੁਸ਼ੀ ਜ਼ਾਹਰ ਕਰਦਿਆ ਪੰਜਾਬ ਸਰਕਾਰ ਅਤੇ ਜਲ ਸਰੋਤ ਅਤੇ ਮਾਈਨਿੰਗ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਗੁਰਮੀਤ ਹੇਅਰ ਦਾ ਧੰਨਵਾਦ ਕੀਤਾ ।  ਉਨ੍ਹਾਂ ਹੋਰ ਦੱਸਿਆ ਕਿ 111 ਕਰੋੜ 34 ਲੱਖ ਰੁਪਏ ਦੀ ਲਾਗਤ ਨਾਲ ਪੱਕੇ ਅੰਡਰਗਰਾਊਂਡ ਪਾਈਪ ਲਾਇਨ ਅਤੇ ਪੱਕੇ ਖਾਲ ਦਾ ਨਿਰਮਾਣ ਕਰਨ ਦੇ ਪਹਿਲੇ ਫ਼ੇਜ਼ ਵਿੱਚ 25 ਕਰੋੜ ਦੇ ਕੰਮ ਕਰਵਾਏ ਜਾਣਗੇ । ਜਿਸ ਨੂੰ ਜਲ ਸਰੋਤ ਵਿਭਾਗ ਵੱਲੋਂ ਤਿੰਨ ਡਵੀਜ਼ਨਾਂ ਵਿੱਚ ਵੰਡਿਆਂ ਗਿਆ ਹੈ। ਟਿਊਬਵੈੱਲ ਕਾਰਪੋਰੇਸ਼ਨ ਮੰਡਲ ਮਾਲੇਰਕੋਟਲਾ ਵੱਲੋਂ 10 ਕਰੋੜ , ਲਾਈਨਿੰਗ ਮੰਡਲ ਲੁਧਿਆਣਾ ਵੱਲੋਂ ਵੀ 10 ਕਰੋੜ ਦਾ ਅਤੇ ਟਿਊਬਵੈੱਲ ਮੰਡਲ ਦੋਰਾਹਾ (ਲੁਧਿਆਣਾ) ਵੱਲੋਂ 05 ਕਰੋੜ ਰੁਪਏ ਦੀ ਲਾਗਤ ਨਾਲ ਪੱਕੇ ਅੰਡਰਗਰਾਊਂਡ ਪਾਈਪ ਅਤੇ ਪੱਕੇ ਖਾਲ ਦਾ ਨਿਰਮਾਣ ਦੇ ਕੰਮ ਕਰਵਾਏ ਜਾਣਗੇ । ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਮਿਆਰ ਦੇ ਮੱਦੇਨਜ਼ਰ ਕਿਸਾਨਾਂ ਨੂੰ ਸਿੰਚਾਈ ਲਈ ਨਹਿਰੀ ਪਾਣੀ ਮੁਹੱਈਆ ਕਰਵਾਉਣਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖੇਤਾਂ ਦੀ ਸਿੰਚਾਈ ਲਈ ਨਹਿਰੀ ਪਾਣੀ ਦਾ ਬੰਦੋਬਸਤ  ਸੂਬੇ ਲਈ ਵਰਦਾਨ ਸਾਬਤ ਹੋਵੇਗਾ ਅਤੇ ਰੰਗਲੇ ,ਖ਼ੁਸ਼ਹਾਲ ਪੰਜਾਬ ਦੀ ਖ਼ੁਸ਼ਹਾਲੀ ਲਈ ਅਹਿਮ ਭੂਮਿਕਾ ਅਦਾ ਕਰੇਗਾ । ਪੰਜਾਬ ਦੀ ਖ਼ੁਸ਼ਹਾਲੀ  ਦੂਜੇ ਰਾਜਾਂ ਦੀ ਖ਼ੁਸ਼ਹਾਲੀ ਲਈ ਮਦਦਗਾਰ ਸਾਬਤ ਹੋਵੇਗੀ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਦੇ ਸੁਹਿਰਦ ਯਤਨਾਂ ਸਦਕਾ ਦੂਰ-ਦੁਰਾਡੇ ਪਿੰਡਾਂ ਨੂੰ ਨਹਿਰੀ ਪਾਣੀ ਨਾਲ ਜੋੜਨ ਦੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਖੇਤੀ ਲਾਗਤ ਵਿੱਚ ਕਮੀ ਲਿਆਂਦੀ ਜਾ ਸਕੇ ਅਤੇ ਕੁਦਰਤੀ ਅਮੁੱਲ ਦਾਤ ਪਾਣੀ ਨੂੰ ਬਚਾਇਆ ਜਾ ਸਕੇ ।ਟੇਲਾ ਉੱਤੇ ਨਹਿਰੀ ਪਾਣੀ ਪਹੁੰਚਾਉਣ ਲਈ ਯਤਨ ਲਗਾਤਾਰ ਜਾਰੀ ਹਨ। ਜਲਦੀ ਬਾਕੀ ਦੇ ਕੰਮ ਸ਼ੁਰੂ ਹੋ ਜਾਣਗੇ । ਉਨ੍ਹਾਂ ਕਾਰਜਕਾਰੀ ਨੋਡਲ ਏਜੰਸੀ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੰਮ ਦੀ ਗੁਣਵੰਤਾ ਅਤੇ ਤਹਿ ਸਮਾ ਸੀਮਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ । ਇਸ ਮੌਕੇ ਉਨ੍ਹਾਂ ਕਿਸਾਨ ਭਰਾਵਾਂ ਨੂੰ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾ ਕੇ ਇਸ ਦੇ ਯੋਗ ਪ੍ਰਬੰਧਨ ਕਰਨ ਲਈ ਵੀ ਪ੍ਰੇਰਿਤ ਕੀਤਾ । ਇਸ ਮੌਕੇ ਐਕਸੀਅਨ ਇੰਜ. ਬੂਟਾ ਸਿੰਘ,ਐਸ.ਡੀ.ਓ ਇੰਜ. ਮੁਹੰਮਦ ਮੁਕੱਸਰ, ਜੇ.ਈ. ਇੰਜ. ਆਗਮਨ ਜਿੰਦਲ , ਸ੍ਰੀ ਰਾਜੀਵ ਤੋਂ ਇਲਾਵਾ ਇਲਾਕਾ ਨਿਵਾਸ਼ੀ ਮੌਜੂਦ ਸਨ ।