ਲਿਫਟ ਇਰੀਗੇਸ਼ਨ ਸਕੀਮ ਰਾਹੀਂ ਪਿੰਡਾਂ ਨੂੰ ਸਿੰਚਾਈ ਤੇ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ : ਹਰਜੋਤ ਬੈਂਸ

  • ਗੁ.ਬਰੋਟਾ ਸਾਹਿਬ ਪਿੰਡ ਭਗਵਾਲਾ ਦੇ ਸਲਾਨਾ ਜੋੜ ਮੇਲੇ ਵਿਚ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਭਰੀ ਹਾਜਰੀ
  • ਸਰਕਾਰੀ ਸਕੂਲਾਂ ਦੇ ਵਿਕਾਸ ਲਈ 50 ਕਰੋੜ ਰੁਪਏ ਦੀ ਗ੍ਰਾਂਟ ਦੀ ਪ੍ਰਵਾਨਗੀ - ਬੈਂਸ
  • ਸ੍ਰੀ ਕੀਰਤਪੁਰ ਸਾਹਿਬ ਦੇ ਵੱਖ ਵੱਖ ਸਰਕਾਰੀ ਸਕੂਲਾਂ ਲਈ 8 ਕਰੋੜ ਦੀ ਗ੍ਰਾਂਟ ਕੀਤੀ ਜਾਰੀ

ਕੀਰਤਪੁਰ ਸਾਹਿਬ 18 ਜੂਨ : 140 ਕਰੋੜ ਰੁਪਏ ਦੀ ਲਿਫਟ ਇਰੀਗੇਸ਼ਨ ਸਕੀਮ ਰਾਹੀਂ ਪਿੰਡਾਂ ਦੇ ਲੋਕਾਂ ਨੂੰ ਸਿੰਚਾਈ ਅਤੇ ਪੀਣ ਵਾਲਾ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ, ਜਿਸ ਨਾਲ ਪਿੰਡਾਂ ਵਿਚ ਸਿੰਚਾਈ ਅਤੇ ਪੀਣ ਵਾਲੇ ਪਾਣੀ ਦੀ ਕੋਈ ਸਮੱਸਿਆ ਨਹੀਂ ਆਵੇਗੀ। ਇਸ ਗੱਲ ਦਾ ਪ੍ਰਗਟਾਵਾ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ ਪੰਜਾਬ ਨੇ ਪਿੰਡ ਭਗਵਾਲਾ ਵਿਖੇ ਗੁਰਦੁਆਰਾ ਬਰੋਟਾ ਸਾਹਿਬ ਪਾਤਸ਼ਾਹੀ ਛੇਵੀਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਮੌਕੇ ਜੁੜੀ ਸੰਗਤ ਨੂੰ ਸੰਬੋਧਨ ਕਰਦੇ ਹੋਏ ਕੀਤਾ। ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਬਰੋਟਾ ਸਾਹਿਬ ਜੀ ਦੇ ਦਰਸ਼ਨ ਕਰਕੇ ਉਹਨਾਂ ਨੂੰ ਆਤਮਿਕ ਸਾਂਤੀ ਮਿਲ ਰਹੀ ਹੈ, ਗੁਰੂ ਮਹਾਰਾਜ ਜੀ ਨੇ ਨਿਮਾਣੇ ਸੇਵਕ ਨੂੰ ਸੰਗਤ ਦੇ ਜਰੀਏ ਭਾਰੀ ਬਹੁਮਤ ਨਾਲ ਜਿਤਾ ਕੇ ਅਤੇ ਸਭ ਤੋਂ ਘੱਟ ਉਮਰ ਦਾ ਕੈਬਨਿਟ ਮੰਤਰੀ ਬਣਾ ਕੇ ਸੂਬੇ ਦੇ ਲੋਕਾਂ ਦੀ ਸੇਵਾ ਕਰਨ ਦਾ ਵੀ ਬਹੁਤ ਵੱਡਾ ਮਾਣ ਬਖਸਿਆ ਹੈ, ਜਿਸ ਲਈ ਉਹ ਵਾਹਿਗੁਰੂ ਪ੍ਰਮਾਤਮਾ ਦੇ ਸ਼ੁਕਰਗੁਜਾਰ ਹਨ। ਬੈਂਸ ਨੇ ਕਿਹਾ ਕਿ ਉਹ ਲੋਕਾਂ ਦੀਆਂ ਅਤੇ ਪਿੰਡਾਂ ਦੀਆਂ ਸਮੱਸਿਆਵਾਂ ਦੂਰ ਕਰਨ ਲਈ ਦਿਨ ਰਾਤ ਕੰਮ ਕਰ ਰਹੇ ਹਨ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨਾਲ ਵਾਅਦੇ ਕਰ ਕੇ ਗੁੰਮਰਾਹ ਨਹੀਂ ਕਰ ਰਹੀ ਹੈ ਬਲਕਿ ਕੰਮ ਮੁਕੰਮਲ ਕਰਕੇ ਕਰ ਰਹੀ ਹੈ।  ਉਹਨਾਂ ਦੱਸਿਆ ਕਿ ਪਾਣੀ ਲਈ 20 ਡੂੰਘੇ ਟਿਊਬਵੈੱਲ ਬੋਰ ਪਾਸ ਕੀਤੇ ਜਾ ਚੁੱਕੇ ਹਨ ਅਤੇ ਹੋਰ 35 ਡੂੰਘੇ ਟਿਊਬਵੈੱਲ ਬੋਰ ਦੀ ਡਿਮਾਂਡ ਭੇਜੀ ਗਈ ਹੈ, ਅਸੀਂ ਆਪਣੇ ਹਲਕੇ ਦੇ ਕਿਸੇ ਵੀ ਪਿੰਡ ਨੂੰ ਪਾਣੀ ਦੀ ਬੁਨਿਆਦੀ ਸਹੂਲਤ ਤੋ ਵਾਝੇ ਨਹੀ ਰਹਿਣ ਦੇਵਾਂਗੇ। ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਕੂਲਾਂ ਵਿਚ ਸੁਧਾਰ ਕਰਨ ਲਈ ਪੰਜਾਬ ਸਰਕਾਰ ਵੱਲੋਂ 50 ਕਰੋੜ ਰੁਪਏ ਤੋਂ ਵੱਧ ਗ੍ਰਾਂਟ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ, ਜਿਸ ਨਾਲ ਸਰਕਾਰੀ ਸਕੂਲਾਂ ਵਿਚ ਹੋਰ ਸੁਧਾਰ ਹੋਵੇਗਾ। ਉਹਨਾਂ ਕਿਹਾ ਕਿ ਸ੍ਰੀ ਕੀਰਤਪੁਰ ਸਾਹਿਬ ਦੇ ਸਕੂਲ ਲਈ 5 ਕਰੋੜ ਰੁਪਏ ਅਤੇ ਇਸ ਦੇ ਆਲੇ ਦੁਆਲੇ ਪੈਂਦੇ ਹੋਰ ਸਕੂਲਾਂ ਲਈ 3 ਕਰੋੜ ਰੁਪਏ ਦੀ ਰਾਸ਼ੀ ਪ੍ਰਵਾਨ ਕਰ ਦਿੱਤੀ ਗਈ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪਿੰਡ ਭਗਵਾਲਾ ਦੇ ਵਸਨੀਕਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਭਗਵਾਲਾ ਦੀ ਚਾਰਦੀਵਾਰੀ ਕਰਵਾਉਣ ਦੀ ਉਹਨਾਂ ਅੱਗੇ ਮੰਗ ਰੱਖੀ ਹੈ,ਇਸ ਲਈ ਸਕੂਲ ਦੀ ਚਾਰ-ਦਿਵਾਰੀ ਲਈ ਉਹਨਾਂ ਵੱਲੋਂ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਿੰਡ ਦੇ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਵੀ ਦੂਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਉਹ ਸ੍ਰੀ ਕੀਰਤਪੁਰ ਸਾਹਿਬ ਭਾਖੜਾ ਨਹਿਰ ਤੇ ਬਣ ਰਹੇ ਸਟੀਲ ਵਾਲੇ ਪੁਲ ਵਿਚ ਏਨੀ ਦੇਰੀ ਹੋਣ ਬਾਰੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਨਗੇ ਅਤੇ ਪੁਲ ਦਾ ਕੰਮ ਜਲਦ ਪੂਰਾ ਕਰਨ ਦੀ ਹਦਾਇਤ ਕਰਨਗੇ ਤਾਂ ਜੋ ਪਿੰਡ ਭਗਵਾਲਾ ਨੂੰ ਸ੍ਰੀ ਕੀਰਤਪੁਰ ਸਾਹਿਬ ਤੋਂ ਆਉਂਦਾ ਭਾਖੜਾ ਨਹਿਰ ਦੀ ਲਿੰਕ ਸੜਕ ਵਾਲਾ ਰਸਤਾ ਚਾਲੂ ਹੋ ਸਕੇ ਤੇ ਲੋਕਾਂ ਨੂੰ ਆਉਣ ਜਾਣ ਵਿਚ ਕੋਈ ਦਿੱਕਤ ਨਾ ਆਵੇ। ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਉਹਨਾਂ ਵੱਲੋਂ ਪੰਜਾਬ ਦੇ ਸਕੂਲਾਂ ਵਿਚ ਵੱਡੇ ਪੱਧਰ ਤੇ ਸੁਧਾਰ ਕੀਤੇ ਜਾ ਰਹੇ ਹਨ, ਤਾਂ ਜੋ ਇਹ ਨਿਜੀ ਸਕੂਲਾਂ ਨੂੰ ਵੀ ਮਾਤ ਦੇ ਸਕਣ । ਉਹਨਾਂ ਕਿਹਾ ਕਿ ਅਗਲੇ 6 ਮਹੀਨੇ ਵਿਚ ਪੰਜਾਬ ਦੇ ਸਕੂਲਾਂ ਵਿਚ ਖਾਲੀ ਪਈਆਂ ਅਧਿਆਪਕਾਂ ਦੀਆਂ ਅਸਾਮੀਆਂ ਭਰ ਦਿੱਤੀਆਂ ਜਾਣਗੀਆਂ ਤਾਂ ਜੋ ਇਹਨਾਂ ਸਕੂਲਾਂ ਵਿਚ ਪੜਨ ਵਾਲੇ ਵਿਦਿਆਰਥੀਆਂ ਨੂੰ ਪੜਾਈ ਦਾ ਵਧੀਆ ਮਾਹੌਲ ਮਿਲ ਸਕੇ। ਇਸ ਮੌਕੇ ਪਿੰਡ ਵਾਸੀਆ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਤੋਂ ਪਹਿਲਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਹਜੂਰੀ ਰਾਗੀ ਭਾਈ ਰਾਮ ਸਿੰਘ ਜੀ ਵੱਲੋਂ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ ਗਿਆ। ਉਸ ਤੋਂ ਬਾਅਦ ਪਿੰਡ ਭਗਵਾਲਾ ਦੇ ਸਾਬਕਾ ਸਰਪੰਚ ਕਸ਼ਮੀਰਾ ਸਿੰਘ ਵੱਲੋਂ ਜਿਥੇ ਹਰਜੋਤ ਸਿੰਘ ਬੈਂਸ ਦਾ ਪਿੰਡ ਵਿਚ ਆਉਣ ਤੇ ਸਮੂਹ ਸੰਗਤ ਦੀ ਤਰਫ ਤੋਂ ਸਵਾਗਤ ਕੀਤਾ ਗਿਆ ਉਥੇ ਹੀ ਉਹਨਾਂ ਵੱਲੋਂ ਪਿੰਡ ਦੀਆਂ ਸਮੱਸਿਆਵਾਂ ਬਾਰੇ ਵੀ ਉਹਨਾਂ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਦੀਪਕ ਸੋਨੀ ਮੀਡੀਆ ਕੋਆਰਡੀਨੇਟਰ,ਰਾਮ ਕੁਮਾਰ ਮੁਕਾਰੀ ਚੇਅਰਮੈਨ ਇੰਮਪੂਰਮੈਂਟ ਟਰੱਸਟ,ਰੋਹਿਤ ਕਾਲੀਆ ਟਰੱਕ ਯੂਨੀਅਨ ਪ੍ਰਧਾਨ, ਕੈਪਟਨ ਗੁਰਨਾਮ ਸਿੰਘ, ਦਲਜੀਤ ਸਿੰਘ ਕਾਕਾ ਨਾਨਗਰਾ, ਸੋਹਣ ਸਿੰਘ ਬੈਂਸ, ਬਚਿੱਤਰ ਸਿੰਘ ਬੈਂਸ, ਜਸਪਾਲ ਸਿੰਘ ਢਾਹੇ, ਕੇਸਰ ਸਿੰਘ ਸੰਧੂ ਬਲਾਕ ਪ੍ਰਧਾਨ, ਸੁਖਦੇਵ ਸਿੰਘ ਨੱਕੀਆਂ,ਜਸਵੀਰ ਰਾਣਾ,ਮਨੀਸ਼ ਬਾਵਾ, ਭੁਪਿੰਦਰ ਸਿੰਘ ਬਿੰਦੂ, ਮਾਣ ਸਿੰਘ, ਦਰਸ਼ਨ ਸਿੰਘ ਅਟਾਰੀ, ਜੱਗਾ ਕਲੇਰ, ਦਰਸਨ ਸਿੰਘ, ਚਿਰੰਜੀ ਲਾਲ ਲੁਬਾਣਾ, ਸੁਰਿੰਦਰ ਪਾਲ ਕੌੜਾ ਪ੍ਰਧਾਨ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ, ਗੁਰਚਰਨ ਸਿੰਘ ਡਾਢੀ, ਮਾਨ ਸਿੰਘ, ਭੁਪਿੰਦਰ ਸਿੰਘ, ਗੁਰਮੇਲ ਸਿੰਘ, ਜੋਗਨਾਥ, ਪਰਮਪਾਲ ਸਿੰਘ, ਕੁਲਵੀਰ ਸਿੰਘ, ਨਿਰਮਲ ਸਿੰਘ, ਗੌਰਵ ਸਿੰਘ, ਜਗਤਾਰ ਸਿੰਘ ਸੈਣੀ ਆਦਿ ਹਾਜਰ ਸਨ।