ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 26 27 28 ਨਵੰਬਰ ਨੂੰ ਵੱਡੀ ਸ਼ਮੂਲੀਅਤ ਕਰੇਗੀ-ਪੰਜਾਬ ਕਿਸਾਨ ਯੂਨੀਅਨ

ਮੁੱਲਾਂਪੁਰ ਦਾਖਾ 3 ਨਵੰਬਰ (ਸਤਵਿੰਦਰ ਸਿੰਘ ਗਿੱਲ) ਪੰਜਾਬ ਕਿਸਾਨ ਯੂਨੀਅਨ ਦੀ ਮਾਲਵਾ ਜੋਨ ਦੀ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਟਾਹਲੀ ਆਣਾ ਰਾਏਕੋਟ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਦੇ ਨਾਂ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾ ਸਕੱਤਰ ਗੁਰਨਾਮ ਸਿੰਘ ਭਿੱਖੀ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਤੇ 26, 27, 28 ਨਵੰਬਰ ਨੂੰ ਦੇਸ਼ ਦੀਆਂ ਰਾਜਧਾਨੀਆਂ ਵਿੱਚ ਮਹਾਂ ਪੜਾਓ ਕੀਤੇ ਜਾਣਗੇ। ਵਿੱਚ ਪੰਜਾਬ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੰਡੀਗੜ੍ਹ ਵੱਲ ਵਹੀਰਾਂ ਘੱਤੀਆਂ ਜਾਣਗੀਆਂ ਜਿਸ ਵਿੱਚ ਜਥੇਬੰਦੀ 100 ਟਰੈਕਟਰ ਟਰਾਲੀਆਂ ਲੈ ਕੇ ਹਜ਼ਾਰਾਂ ਵਰਕਰਾਂ ਸਮੇਤ ਸ਼ਾਮਿਲ ਹੋਵੇਗੀ। ਉਹਨਾਂ ਦੱਸਿਆ ਕਿ ਮੀਟਿੰਗ ਵੱਲੋਂ ਮੰਗ ਕੀਤੀ ਗਈ ਹੈ ਕਿ ਨਿਊਜ਼ ਕਲਿੱਕ ਦੇ ਪੱਤਰਕਾਰਾਂ ਨੂੰ ਕੇਂਦਰ ਸਰਕਾਰ ਵੱਲੋਂ ਨਜਾਇਜ਼ ਤੌਰ ਤੇ ਜੇਲਾਂ ਵਿੱਚ ਬੰਦ ਕੀਤਾ ਹੈ। ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਅਤੇ ਇਸ ਸਬੰਧੀ ਸੰਯੁਕਤ ਮੋਰਚੇ ਵੱਲੋਂ 6 ਨਵੰਬਰ ਨੂੰ ਦੇਸ਼ ਭਰ ਵਿੱਚ ਜਿਲ੍ਹਾ ਤੇ ਤਹਿਸੀਲ ਪੱਧਰਾਂ ਉੱਤੇ ਕੇਂਦਰ ਸਰਕਾਰ ਦੇ ਖਿਲਾਫ ਅਰਥੀ ਸਾੜ ਪ੍ਰਦਰਸ਼ਨ ਕੀਤੇ ਜਾਣਗੇ ਜਿਸ ਵਿੱਚ ਜਥੇਬੰਦੀ ਭਰਵੀਂ ਸ਼ਮੂਲੀਅਤ ਕਰੇਗੀ। ਉਹਨਾਂ ਮੰਗ ਕੀਤੀ ਕਿ ਇਜਰਾਇਲ ਵੱਲੋਂ ਫਿਲਸਤੀਨੀਆਂ ਦਾ ਜੋ ਘਾਣ ਕੀਤਾ ਜਾ ਰਿਹਾ ਹੈ ਉਹ ਜੰਗ ਤੁਰੰਤ ਰੋਕੀ ਜਾਵੇ। ਸਰਕਾਰ ਨੂੰ ਸੰਯੁਕਤ ਰਾਸ਼ਟਰ ਵਿੱਚ ਪਹਿਲ ਕਦਮੀ ਕਰਕੇ ਇਹ ਜੰਗ ਤੁਰੰਤ ਰੋਕਣੀ ਚਾਹੀਦੀ ਹੈ। ਉਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਅੱਗ ਨਾ ਲਾਈ ਜਾਵੇ, ਕਣਕ ਦੀ ਬਜਾਈ ਜੀਰੋ ਡਰਿਲ, ਸੁਪਰ ਸੀਡਰ ਨਾਲ ਕੀਤੀ ਜਾਵੇ। ਜੇ ਨਹੀਂ ਸਰਦਾ ਤਾਂ ਸਿਰਫ ਇਕੱਲਾ ਫੂਸ ਜੋ ਕੰਬਾਈਨ ਪਿੱਛੇ ਸੁੱਟਦੀ ਹੈ, ਉਸੇ ਨੂੰ ਹੀ ਫੂਕਿਆ ਜਾਵੇ ਅਤੇ ਫਿਰ ਕਣਕ ਦੀ ਬਜਾਈ ਕੀਤੀ ਜਾ ਸਕਦੀ ਹੈ। ਉਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਰਾਲੀ ਨੂੰ ਸਮੇਟਣ ਲਈ ਅਜੇ ਵੀ ਪੰਜਾਬ ਵਿੱਚ ਬਹੁਤ ਸਾਰੇ ਸੰਦਾ ਸਾਧਨਾ ਦੀ ਘਾਟ ਹੈ, ਜਿਸ ਕਰਕੇ ਪਰਾਲੀ ਨੂੰ ਅੱਗ ਲਾਉਣਾ ਕਿਸਾਨਾਂ ਦੀ ਮਜਬੂਰੀ ਹੈ ਇਸ ਲਈ ਸਰਕਾਰ ਨੂੰ ਬੇਨਤੀ ਹੈ ਕਿ ਉਹ ਕਿਸਾਨਾਂ ਤੇ ਸਖਤੀ ਨਾ ਕਰੇ ਅਤੇ ਨਾ ਹੀ ਮਾਲ ਵਿਭਾਗ ਦੇ ਰਿਕਾਰਡ ਚ ਰੈਡ ਐਂਟਰੀਆਂ ਕੀਤੀਆਂ ਜਾਣ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੂਬਾ ਆਗੂ ਡਾਕਟਰ ਗੁਰਚਰਨ ਸਿੰਘ ਬੜਿੰਗ, ਗੁਰਜੰਟ ਸਿੰਘ ਮਾਨਸਾ, ਜੱਗਾ ਸਿੰਘ ਬਦਰਾ, ਸੁਖਦੇਵ ਸਿੰਘ ਲੇਹਲ ਕਲਾ, ਬੂਟਾ ਸਿੰਘ ਚਕਰ, ਕਰਨੈਲ ਸਿੰਘ ਮਾਨਸਾ, ਪੰਜਾਬ ਸਿੰਘ ਤਲਵੰਡੀ ਅਕਲੀਆ, ਰਾਮ ਫਲ ਸਿੰਘ ਚੱਕ ਅਲੀ ਸ਼ੇਰ, ਗੁਰਜੀਤ ਸਿੰਘ ਜੈਤੋ, ਜਰਨੈਲ ਸਿੰਘ ਰੋੜਾਂ ਵਾਲਾ, ਅਮਰੀਕ ਸਿੰਘ ਰਾਈਆ, ਰਾਜ ਸਿੰਘ ਸੰਧੂ ਕਲਾਂ ਤੋਂ ਇਲਾਵਾ ਬਹੁਤ ਸਾਰੇ ਆਗੂ ਤੇ ਵਰਕਰ ਹਾਜ਼ਰ ਸਨ।