ਪੰਜਾਬ 'ਚ ਇੰਟਰਨੈੱਟ ਬੰਦ, ਪਰ ਲਾਰੈਂਸ ਬਿਸ਼ਨੋਈ ਦਾ ਨੈੱਟ ਜੇਲ੍ਹ ਵਿਚ ਵੀ ਖੁੱਲ੍ਹਾ ਹੈ : ਬਲਕੌਰ ਸਿੰਘ ਸਿੱਧੂ

ਮਾਨਸਾ 19 ਮਾਰਚ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਅੱਜ ਇਥੇ ਪਹਿਲੀ ਬਰਸੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅੱਜ ਹੀ ਕਿਉਂ ਅੰਮ੍ਰਿਤਪਾਲ ਨੂੰ ਹੀ ਫ਼ੜਨ ਦਾ ਦਿਨ ਚੁਣਿਆ। ਉਨ੍ਹਾਂ ਕਿਹਾ ਕਿ ਅੱਜ ਸਾਰੇ ਪੰਜਾਬ ਦੇ ਇੰਟਰਨੈੱਟ ਬੰਦ ਹਨ, ਪਰ ਲਾਰੈਂਸ ਬਿਸ਼ਨੋਈ ਦਾ ਨੈੱਟ ਜੇਲ੍ਹ ਵਿਚ ਵੀ ਖੁੱਲ੍ਹਾ ਹੈ। ਉਨ੍ਹਾਂ ਕਿਹਾ ਕਿ ਗੋਲਡੀ ਬਰਾੜ ਨੂੰ ਫੜਿਆ ਕਿਉਂ ਜਾ ਰਿਹਾ, ਉਸ ਲਈ ਮੁੱਖ ਮੰਤਰੀ ਕਹਿ ਰਿਹਾ ਫੜਿਆ ਗਿਆ, ਗੋਲਡੀ ਬਰਾੜ ਜਵਾਬ ਵਿੱਚ ਕਹਿੰਦਾ ਮੈਨੂੰ ਕੋਈ ਨਹੀਂ ਫ਼ੜ ਸਕਦਾ ‘। ਆਪਣੀ ਤਕਰੀਰ ਦੌਰਾਨ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਸਲਮਾਨ ਖਾਨ ਨੇ ਜੇਲ੍ਹ ਚੋਂ ਇੰਟਰਵਿਊ ਦੌਰਾਨ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਉਸਨੇ ਮਾਰਿਆ ਹੈ ਅਤੇ ਹੁਣ ਸਲਮਾਨ ਖਾਨ ਨੂੰ ਮਾਰਨਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਇੰਟਰਵਿਊਆਂ ਸਰਕਾਰਾਂ ਅਤੇ ਅਦਾਲਤਾਂ ਦਾ ਮੂੰਹ ਚਿੜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਮੇਤ ਸਾਰੇ ਕੈਬਨਿਟ ਮੰਤਰੀਆਂ ਕੋਲ ਕੋਈ ਚੰਗਾ ਫੈਸਲਾ ਲੈਣ ਦੀ ਹਿੰਮਤ ਨਹੀਂ ਹੈ। ਉਨ੍ਹਾਂ ਕਿਹਾ ਕਿ ਅਮਿ੍ਤਪਾਲ ਨੂੰ ਫ਼ੜਨ ਵਾਲ਼ਾ ਵੀ ਅਮਿਤ ਸ਼ਾਹ ਦੇ ਕਹਿਣ ਉਤੇ ਪੰਜਾਬ ਸਰਕਾਰ ਡਰਾਮਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਵਲੋਂ ਦੇਸ਼ ਦੀਆਂ ਜੇਲ੍ਹਾਂ ਵਿੱਚ ਬਰਾਂਚਾਂ ਖੋਲ ਰੱਖੀਆਂ ਹਨ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ 6 ਜਾਣਿਆਂ ਚੋਂ ਉਸ ਨੂੰ 5 ਜਣੇ ਨਹੀਂ ਜਾਣਦੇ ਸਨ, ਪਰ ਉਸ ਨੂੰ ਮਾਰਨ ਲਈ ਭੇਜਣ ਵਾਲਿਆਂ ਨੂੰ ਪੁਲੀਸ ਕਿਉਂ ਨਹੀਂ ਫ਼ੜ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹੁਣ ਬਹੁਤ ਪਿੱਛੇ ਚਲਾ ਗਿਆ ਹੈ ਅਤੇ ਸਿੱਖਿਆ ਖੇਤਰ ਵਿਚ ਬਹੁਤ ਪਿੱਛੇ ਚਲੇ ਗਏ ਹਾਂ। ਉਨ੍ਹਾਂ ਕਿਹਾ ਕਿ ਰਾਜ ਵਿਚ 12500 ਪਿੰਡ ਹਨ, ਪਰ ਯੂਪੀਐਸਸੀ ਵਿਚ ਮਸਾਂ 5000 ਵਿਦਿਆਰਥੀ ਹੀ ਬੈਠਦੇ ਹਨ, ਜੋ ਬਹੁਤ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਯੂਪੀ ਦੇ ਮੁੱਖ ਮੰਤਰੀ ਜੋਗੀ ਦੇ ਨਾਂ ਉਤੇ ਵੋਟਾਂ ਪਾਉਣ ਲਈ ਮਜਬੂਰ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਮੀਡੀਆ ਡਾਇਰੈਕਟਰ ਬਲਤੇਜ ਪਨੂੰ ਵਲੋਂ ਸਿੱਧੂ ਮੂਸੇਵਾਲਾ ਦੀ ਸਕਿਉਰਟੀ ਲਈ ਜੋ ਖਬਰਾਂ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀਆਂ, ਉਸ ਨੇ ਹੀ ਕਾਤਲਾਂ ਦਾ ਹੌਸਲਾ ਵਧਾਇਆ ਹੈ। ਉਸ ਉਪਰ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਉਨ੍ਹਾਂ ਇਨਸਾਫ਼ ਲਈ 11 ਮਹੀਨੇ ਦਾ ਸਮਾਂ ਲੱਗਣ ਨੂੰ ਬਹੁਤ ਮੰਦਭਾਗਾ ਦੱਸਿਆ ਹੈ। ਬਰਸੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਭਾਰਤ ਦੇਸ਼ ਅਜੇ ਵੀ ਗੁਲਾਮ ਹੈ, ਇਥੇ ਕੋਈ ਆਜ਼ਾਦੀ ਨਹੀਂ ਹੈ। ਉਨ੍ਹਾਂ ਅੰਮ੍ਰਿਤਪਾਲ ਦੀ ਵਡਿਆਈ ਕਰਦਿਆਂ ਕਿਹਾ ਕਿ ਉਹ ਲੋਕਾਂ ਨੂੰ ਸਿੱਧੇ ਪਾਸੇ ਪਾ ਰਿਹਾ ਹੈ, ਅੰਮ੍ਰਿਤ ਛਕਾ ਰਿਹਾ ਹੈ, ਨਸ਼ਿਆਂ ਨੂੰ ਛਡਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਨਾਲੇ ਵਾਲੇ ਕਾਂਡ ਉਤੇ ਸਰਕਾਰ ਨੇ ਪਹਿਲਾਂ ਕਿਉਂ ਨਾ ਕਾਰਵਾਈ ਕੀਤੀ। ਉਨ੍ਹਾਂ ਪੰਜਾਬ ਸਰਕਾਰ ਨੂੰ ਵੰਗਾਰਿਆ ਕਿਹਾ ਕਿ ਉਹ ਇਹ ਨਾ ਸਮਝੇ ਕਿ ਇਹ ਸਿੱਧੂ ਮੂਸੇਵਾਲਾ ਦਾ ਪਹਿਲਾ ਅਤੇ ਆਖਰੀ ਸਮਾਗਮ ਹੈ । ਉਨ੍ਹਾਂ ਲੋਕਾਂ ਨੂੰ ਬੂਟੇ ਲਾਉਣ ਅਤੇ ਪੱਗਾਂ ਬੰਨ੍ਹਣ ਲਈ ਵੀ ਪ੍ਰੇਰਿਆ।