ਮਾਤਰ ਛਾਇਆ ਅਨਾਥ ਆਸ਼ਰਮ ਆਲਮਗੜ੍ਹ, ਅਬੋਹਰ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਫਾਜ਼ਿਲਕਾ, 21 ਜੂਨ : ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂੰ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨਵਦੀਪ ਕੌਰ ਦੀ ਨਿਗਰਾਨੀ ਹੇਠ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ, ਫਾਜ਼ਿਲਕਾ ਵੱਲੋਂ ਮਾਤਰ ਛਾਇਆ ਅਨਾਥ ਆਸ਼ਰਮ ਆਲਮਗੜ੍ਹ, ਅਬੋਹਰ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼੍ਰੀਮਤੀ ਰੀਤੂ ਬਾਲਾ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਯੋਗਾ ਨਾਲ ਬੱਚਿਆਂ ਨੂੰ ਤੰਦਰੁਸਤੀ ਨਾਲ ਜੋੜਨਾ ਹੈ। ਉਹਨਾਂ ਨੇ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਰੋਜ਼ਾਨਾ ਯੋਗਾ ਕਰਨ ਕਿਉਂਕਿ ਮਨੁੱਖ ਲਈ ਸਿਹਤ ਸਭ ਤੋਂ ਵੱਡੀ ਨਿਆਮਤ ਹੈ ਅਤੇ ਸਿਹਤ ਸੰਭਾਲ ਮਨੁੱਖ ਦਾ ਪਹਿਲਾ ਫਰਜ਼ ਹੈ। ਮਾਤਰ ਛਾਇਆ ਅਨਾਥ ਆਸ਼ਰਮ ਆਲਮਗੜ੍ਹ, ਅਬੋਹਰ ਦੇ ਬੱਚਿਆਂ ਨੇ ਪੂਰੇ ਉਤਸ਼ਾਹ ਨਾਲ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ। ਇਸ ਮੌਕੇ ਆਯੂਰਵੇਦਿਕ ਵਿਭਾਗ, ਫਾਜ਼ਿਲਕਾ ਤੋਂ ਡਾ. ਵਨੀਤ ਕੁਮਾਰ, ਡਾ. ਰਾਜੇਸ਼ ਜੌਹਰ ਅਤੇ ਪਰਵਿੰਦਰ ਕੌਰ ਵੱਲੋਂ ਬੱਚਿਆਂ ਨੂੰ ਬੜੇ ਵਧੀਆ ਢੰਗ ਨਾਲ ਯੋਗਾ ਕਰਵਾਇਆ ਗਿਆ ਅਤੇ ਯੋਗਾ ਦੇ ਫਾਇਦੇ ਦੱਸੇ ਗਏ, ਬੱਚਿਆਂ ਵੱਲੋਂ ਵੀ ਉਤਸ਼ਾਹ ਨਾਲ ਯੋਗਾ ਕੀਤਾ ਗਿਆ। ਇਸ ਦੌਰਾਨ ਬਾਲ ਭਲਾਈ ਕਮੇਟੀ, ਫਾਜ਼ਿਲਕਾ ਦੇ ਚੇਅਰਪਰਸਨ ਨਵੀਨ ਜਸੂਜਾ ਵੱਲੋਂ ਵੀ ਬੱਚਿਆਂ ਨੂੰ ਯੋਗਾ ਦੇ ਫਾਇਦੇ ਦੱਸੇ ਗਏ। ਭੁਪਿੰਦਰਦੀਪ ਸਿੰਘ ਕਾਊਂਸਲਰ, ਦਿਨੇਸ਼ ਇਸ ਮੌਕੇ ਹਾਜ਼ਰ ਸਨ।