ਕੰਮ ਵਾਲੀ ਥਾਂ 'ਤੇ ਔਰਤਾਂ ਦਾ ਜਿਨਸੀ ਸ਼ੋਸ਼ਣ ਰੋਕਣ ਲਈ ਗਠਿਤ ਕੀਤੀਆਂ ਜਾਣ ਅੰਦਰੂਨੀ ਸ਼ਿਕਾਇਤ ਕਮੇਟੀਆਂ : ਡਿਪਟੀ ਕਮਿਸ਼ਨਰ

  • ਜਿਹੜੇ ਦਫ਼ਤਰਾਂ ਕਰਮਚਾਰੀਆਂ ਦੀ ਗਿਣਤੀ 10 ਜਾਂ ਇਸ ਤੋਂ ਵੱਧ ਹੈ, ਉਥੇ ਕਮੇਟੀ ਦਾ ਗਠਨ ਜਰੂਰੀ

ਫ਼ਤਹਿਗੜ੍ਹ ਸਾਹਿਬ, 01 ਨਵੰਬਰ : ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹੇ ਦੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਜਿਹੜੇ ਦਫ਼ਤਰਾਂ ਵਿੱਚ 10 ਜਾਂ ਇਸ ਤੋਂ ਵੱਧ ਕਰਮਚਾਰੀ ਜਾਂ ਕੰਮ ਕਾਜੀ ਵਿਅਕਤੀ ਕੰਮ ਕਰਦੇ ਹਨ, ਉਨ੍ਹਾਂ ਦਫ਼ਤਰਾਂ ਵਿੱਚ ਅੰਦਰੂਨੀ ਸ਼ਿਕਾਇਤ ਕਮੇਟੀਆਂ ਦਾ ਗਠਨ ਕਰਨਾ ਲਾਜ਼ਮੀ ਹੈ, ਇਸ ਲਈ ਸਮੂਹ ਅਧਿਕਾਰੀ ਆਪਣੇ ਦਫ਼ਤਰਾਂ ਤੇ ਸੰਸਥਾਵਾਂ ਵਿੱਚ ਇਨ੍ਹਾਂ ਕਮੇਟੀਆਂ ਦਾ ਗਠਨ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਇਹ ਆਦੇਸ਼ ਕੰਮ ਵਾਲੀ ਥਾਂ ਤੇ ਔਰਤਾਂ ਦੇ ਜਿਣਸੀ ਸ਼ੋਸ਼ਣ ਦੀ ਰੋਕਥਾਮ ਲਈ ਬਣਾਏ ਗਏ ਐਕਟ-2013 ਅਧੀਨ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਾਨੂੰਨ ਬਣਾਇਆ ਗਿਆ ਹੈ ਤਾਂ ਜੋ ਔਰਤਾਂ ਆਪਣੇ ਕੰਮ ਵਾਲੀ ਥਾਂ ਤੇ ਸੁਰੱਖਿਅਤ ਮਹਿਸੂਸ ਕਰ ਸਕਣ।  ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਜਿਹੜੇ ਦਫ਼ਤਰਾਂ ਵਿੱਚ ਕਰਮਚਾਰੀਆਂ ਦੀ ਗਿਣਤੀ 10 ਤੋਂ ਘੱਟ ਹੈ ਅਤੇ ਉਸ ਦਫ਼ਤਰ ਵਿੱਚ ਜੇਕਰ ਕੋਈ ਪੀੜ੍ਹਤ ਮਹਿਲਾ ਹੈ ਤਾਂ ਉਹ ਆਪਣੀ ਲਿਖਤੀ ਸ਼ਿਕਾਇਤ ਸਥਾਨਕ ਕਮੇਟੀ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਦੂਜੀ ਮੰਜ਼ਿਲ ਦੇ ਕਮਰਾ ਨੰ: 321-322 ਵਿਖੇ ਸਥਿਤ ਦਫ਼ਤਰ ਵਿਖੇ ਦਰਜ਼ ਕਰਵਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਔਰਤਾਂ ਦੇ ਜਿਣਸੀ ਸ਼ੋਸ਼ਣ ਨੂੰ ਰੋਕਣ ਲਈ ਸਥਾਨਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ। ਇਸ ਕਮੇਟੀ ਦੀ ਚੇਅਰਪਰਸਨ ਸ਼੍ਰੀਮਤੀ ਸੁਰਿੰਦਰ ਜੋਸ਼ੀ ਅੱਤਰੀ ਨੂੰ ਬਣਾਇਆ ਗਿਆ ਹੈ ਜਦੋਂ ਕਿ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀ ਗੁਰਮੀਤ ਸਿੰਘ ਨੂੰ ਐਕਸ ਆਫਿਸੋ ਮੈਂਬਰ ਬਣਾਏ ਗਏ ਹਨ। ਇਸ ਕਮੇਟੀ ਦੇ ਬਾਕੀ ਮੈਂਬਰਾਂ ਵਿੱਚ ਸ਼੍ਰੀਮਤੀ ਸੁਖਵਿੰਦਰ ਕੌਰ, ਸ਼੍ਰੀਮਤੀ ਰਜਨੀ ਬਾਲਾ, ਇੰਚਾਰਜ ਸਖੀ ਵਨ ਸਟਾਪ ਸੈਂਟਰ ਅਤੇ ਸ਼੍ਰੀ ਅਬਦੁੱਲ ਰਹੀਮ ਦਾ ਨਾਮ ਸ਼ਾਮਲ ਹੈ। ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਇਹ ਹਦਾਇਤ ਵੀ ਕੀਤੀ ਹੈ ਕਿ ਸਰਕਾਰ ਵੱਲੋਂ ਕੰਮ ਵਾਲੀ ਥਾਂ 'ਤੇ ਔਰਤਾਂ ਦਾ ਜਿਨਸੀ ਸ਼ੋਸ਼ਣ ਰੋਕਣ ਲਈ ਬਣਾਏ ਗਏ ਐਕਟ ਦੀਆਂ ਧਾਰਾਵਾਂ ਨੂੰ ਚੰਗੀ ਤਰ੍ਹਾਂ ਸਮਝ ਕੇ ਇਸ ਕਮੇਟੀ ਦਾ ਗਠਨ ਕਰਕੇ ਰਿਪੋਰਟ ਉਨ੍ਹਾਂ ਨੂੰ ਭੇਜੀ ਜਾਵੇ। ਇਸ ਸਬੰਧੀ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਜ਼ਿਲ੍ਹਾ ਪ੍ਰੋਗਰਾਮ ਅਫਸਰ ਦੇ ਮੋਬਾਇਲ ਨੰ: 93108-80003 ਅਤੇ ਕਲਰਕ ਗੁਰਬੀਰ ਸਿੰਘ ਦੇ ਮੋਬਾਇਲ ਨੰ: 83607-30166 ਤੇ ਸੰਪਰਕ ਕੀਤਾ ਜਾ ਸਕਦਾ ਹੈ।