ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੀਆਂ ਹਦਾਇਤਾਂ 'ਤੇ ਸਮੂਹ ਸਬ ਡਵੀਜ਼ਨਾਂ ਵਿੱਚ ਵਿਸ਼ੇਸ਼ ਕੈਂਪ ਆਯੋਜਿਤ

  • ਉਪ ਮੰਡਲ ਮੈਜਿਸਟਰੇਟ ਨੇ ਐਸ.ਜੀ.ਪੀ.ਸੀ ਚੋਣਾਂ ਲਈ ਵੋਟਰ ਰਜਿਸਟ੍ਰੇਸ਼ਨ ਵਧਾਉਣ ਲਈ ਲੱਗੇ ਕੈਂਪਾਂ ਦਾ ਜਾਇਜ਼ਾ ਲਿਆ 
  • ਕੱਲ੍ਹ 21 ਜਨਵਰੀ ਨੂੰ ਵੀ ਲੱਗਣਗੇ ਵਿਸ਼ੇਸ਼ ਕੈਂਪ, ਯੋਗ ਨਾਗਰਿਕਾਂ ਨੂੰ ਵੋਟ ਬਣਵਾਉਣ ਦੀ ਅਪੀਲ 

ਸੰਗਰੂਰ, 20 ਜਨਵਰੀ : ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਬੀਤੇ ਦਿਨੀਂ ਜਾਰੀ ਹਦਾਇਤਾਂ 'ਤੇ ਅਮਲ ਕਰਦਿਆਂ ਅੱਜ ਸਮੂਹ ਸਬ ਡਵੀਜ਼ਨਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਵੋਟਰਾਂ ਨੂੰ ਵੋਟ ਬਣਵਾਉਣ ਲਈ ਪ੍ਰੇਰਿਤ ਕਰਨ ਅਤੇ ਫ਼ਾਰਮ ਭਰਵਾਉਣ ਲਈ ਵਿਸ਼ੇਸ਼ ਕੈਂਪ ਲਗਾਏ ਗਏ। ਸਮੂਹ ਸਬ ਡਵੀਜ਼ਨਾਂ ਵਿੱਚ ਉਪ ਮੰਡਲ ਮੈਜਿਸਟਰੇਟ ਨੇ ਵਿਸ਼ੇਸ਼ ਕੈਂਪਾਂ ਦਾ ਜਾਇਜ਼ਾ ਲਿਆ ਅਤੇ ਯੋਗ ਨਾਗਰਿਕਾਂ ਨੂੰ ਆਪਣੀ ਵੋਟ ਜ਼ਰੂਰ ਬਣਵਾਉਣ ਲਈ ਪ੍ਰੇਰਿਤ ਕੀਤਾ। ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਗੁਰਦੁਆਰਾ ਚੋਣ ਹਲਕਿਆਂ ਸਬੰਧੀ ਲਾਏ ਰਿਵਾਈਜਿੰਗ ਅਥਾਰਟੀ ਅਫਸਰਾਂ ਗੁਰਦੁਆਰਾ ਚੋਣ ਹਲਕਾ 41-ਮੂਣਕ ਲਈ ਉਪ ਮੰਡਲ ਮੈਜਿਸਟਰੇਟ ਮੂਣਕ ਸੂਬਾ ਸਿੰਘ, ਗੁਰਦੁਆਰਾ ਚੋਣ ਹਲਕਾ 42-ਸੁਨਾਮ ਲਈ ਉਪ ਮੰਡਲ ਮੈਜਿਸਟਰੇਟ ਸੁਨਾਮ ਪ੍ਰਮੋਦ ਸਿੰਗਲਾ, ਗੁਰਦੁਆਰਾ ਚੋਣ ਹਲਕਾ 43-ਲੌਂਗੋਵਾਲ ਲਈ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਸੰਗਰੂਰ ਸੁਖਚੈਨ ਸਿੰਘ, ਗੁਰਦੁਆਰਾ ਚੋਣ ਹਲਕਾ 47-ਧੂਰੀ ਲਈ ਉਪ ਮੰਡਲ ਮੈਜਿਸਟਰੇਟ ਧੂਰੀ ਅਮਿਤ ਗੁਪਤਾ, ਗੁਰਦੁਆਰਾ ਚੋਣ ਹਲਕਾ 50-ਸੰਗਰੂਰ ਲਈ ਉਪ ਮੰਡਲ ਮੈਜਿਸਟਰੇਟ ਸੰਗਰੂਰ ਚਰਨਜੋਤ ਸਿੰਘ ਵਾਲੀਆ ਅਤੇ ਗੁਰਦੁਆਰਾ ਚੋਣ ਹਲਕਾ 51-ਦਿੜ੍ਹਬਾ ਲਈ ਉਪ ਮੰਡਲ ਮੈਜਿਸਟਰੇਟ ਦਿੜ੍ਹਬਾ ਰਾਜੇਸ਼ ਸ਼ਰਮਾ ਨੇ ਵਿਸ਼ੇਸ਼ ਕੈਂਪਾਂ ਦੇ ਨਿਰੀਖਣ ਦੌਰਾਨ ਦੱਸਿਆ ਕਿ ਵੋਟਰ ਰਜਿਸਟ੍ਰੇਸ਼ਨ ਵਧਾਉਣ ਲਈ ਅਜਿਹੇ ਕੈਂਪ ਕੱਲ੍ਹ ਐਤਵਾਰ (21 ਜਨਵਰੀ) ਨੂੰ ਵੀ ਜਾਰੀ ਰੱਖੇ ਜਾਣਗੇ ਤਾਂ ਜੋ ਵੱਧ ਤੋਂ ਵੱਧ ਯੋਗ ਵੋਟਰਾਂ ਦੀ ਵੋਟਰ ਵਜੋਂ ਰਜਿਸਟ੍ਰੇਸ਼ਨ ਹੋ ਸਕੇ।