ਕੈਬਨਿਟ ਮੰਤਰੀ ਬਲਜੀਤ ਕੌਰ ਦੀ ਪ੍ਰੇਰਣਾ ਨਾਲ ਮਲੋਟ ਦੇ ਲੋਕਾਂ ਨੇ ਲਿਆ ਨਸਿ਼ਆਂ ਖਿਲਾਫ ਲੜਾਈ ਦਾ ਪ੍ਰਣ

ਮਲੋਟ, 4 ਜੁਲਾਈ : ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰੰਗਲੇ ਪੰਜਾਬ ਦੇ ਲਏ ਸੁਪਨੇ ਨੂੰ ਸਾਕਾਰ ਕਰਨ ਲਈ ਹੁਣ ਸੂਬੇ ਦਾ ਅਵਾਮ ਵੀ ਅੱਗੇ ਆਉਣ ਲੱਗਿਆ ਹੈ। ਇਸੇ ਤਹਿਤ ਅੱਜ ਮਲੋਟ ਦੇ ਲੋਕਾਂ ਨੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੀ ਪ੍ਰੇਰਣਾ ਨਾਲ ਨਸਿ਼ਆਂ ਖਿਲਾਫ ਲੜਾਈ ਦਾ ਪ੍ਰਣ ਲਿਆ ਅਤੇ ਰੰਗਲੇ ਪੰਜਾਬ ਦੀ ਸਿਰਜਣਾ ਵਿਚ ਆਪਣੇ ਯੋਗਦਾਨ ਦਾ ਸੰਕਲਪ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਕਿਹਾ ਕਿ ਨਸ਼ੇ ਸਾਡੇ ਸਮਾਜ ਲਈ ਚੁਣੌਤੀ ਹਨ ਅਤੇ ਪੰਜਾਬ ਸਰਕਾਰ ਨਸਿ਼ਆਂ ਦੇ ਖਾਤਮੇ ਲਈ ਗੰਭੀਰ ਉਪਰਾਲੇ ਕਰ ਰਹੀ ਹੈ।ਪਰ ਇਸ ਲੜਾਈ ਵਿਚ ਜਿੱਤ ਲੋਕਾਂ ਦੀ ਸੰਪੂਰਨ ਭਾਗੀਦਾਰੀ ਬਿਨ੍ਹਾਂ ਸੰਭਵ ਨਹੀਂ ਹੈ। ਇਸ ਲਈ ਹੁਣ ਜਦ ਇਸ ਕਾਫਲੇ ਵਿਚ ਆਮ ਲੋਕ ਵੀ ਸਰਕਾਰ ਨਾਲ ਆ ਜ਼ੁੜੇ ਹਨ ਤਾਂ ਹੁਣ ਨਸ਼ੇ ਦਾ ਅੰਤ ਯਕੀਨੀ ਹੈ। ਕੈਬਨਿਟ ਮੰਤਰੀ ਜ਼ੋ ਕਿ ਸਿਆਸਤ ਵਿਚ ਆਉਣ ਤੋਂ ਪਹਿਲਾਂ ਖੁਦ ਇਕ ਡਾਕਟਰ ਸਨ, ਨੇ ਕਿਹਾ ਕਿ ਨਸ਼ਾ ਇਕ ਬਿਮਾਰੀ ਹੈ ਅਤੇ ਹੋਰ ਬਿਮਾਰੀਆਂ ਵਾਂਗ ਹੀ ਇਸਦਾ ਇਲਾਜ ਸੰਭਵ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਤੋਂ ਪੀੜਤਾਂ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ ਅਤੇ ਇਲਾਜ ਕਰਵਾਉਣ ਵਾਲੇ ਦੀ ਪਹਿਚਾਣ ਵੀ ਪੂਰੀ ਤਰਾਂ ਗੁਪਤ ਰੱਖੀ ਜਾਂਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜ਼ੋ ਬੱਚੇ ਨਸ਼ੇ ਤੋਂ ਪੀੜਤ ਹਨ ਉਨ੍ਹਾਂ ਦੇ ਇਲਾਜ ਲਈ ਸਰਕਾਰੀ ਹਸਪਤਾਲ ਦੇ ਨਸ਼ਾ ਮੁਕਤੀ ਕੇਂਦਰ ਤੱਕ ਲਿਆਂਦਾ ਜਾਵੇ। ਉਨ੍ਹਾਂ ਨੇ ਕਿਹਾ ਕਿ ਨਸ਼ੇ ਦੇ ਮਾੜੇ ਕੰਮ ਵਿਚ ਲੱਗੇ ਲੋਕਾਂ ਦੀ ਇਤਲਾਹ ਲੋਕ ਪੁਲਿਸ ਨੂੰ ਦੇਣ ਤਾਂ ਅਜਿਹੇ ਲੋਕਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੇ ਨਾਲ ਨਾਲ ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। ਕੈਬਨਿਟ ਮੰਤਰੀ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਉਤਸਾਹ ਨਾਲ ਨਸਿ਼ਆਂ ਖਿਲਾਫ ਇਸ ਸਹੁੰ ਚੁੱਕ ਸਮਾਗਮ ਵਿਚ ਸਿਰਕਤ ਕੀਤੀ। ਲੋਕਾਂ ਨੇ ਲਿਖਤੀ ਤੌਰ ਤੇ ਨਸ਼ੇ ਖਿਲਾਫ ਲੜਾਈ ਦਾ ਵਾਅਦਾ ਕੀਤਾ ਜਦ ਕਿ ਬਹੁਤ ਸਾਰੇ ਲੋਕਾਂ ਨੇ ਮੌਕੇ ਤੇ ਹੀ ਨਸ਼ਾ ਛੱਡਣ ਦਾ ਸੰਕਲਪ ਕੀਤਾ। ਡਾ: ਬਲਜੀਤ ਕੌਰ ਨੇ ਕਿਹਾ ਕਿ ਮਨੁੱਖ ਲਈ ਕੁਝ ਵੀ ਅਸੰਭਵ ਨਹੀਂ ਹੈ ਅਤੇ ਜ਼ੇਕਰ ਅਸੀਂ ਸਾਰੇ ਤਹਈਆ ਕਰ ਲਈਏ ਤਾਂ ਅਸੀਂ ਇਸ ਜੰਗ ਵਿਚ ਜਿੱਤ ਦਰਜ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਨਸ਼ੇ ਛੱਡਕੇ ਸਮਾਜ ਦੀ ਮੁੱਖ ਧਾਰਾ ਵਿਚ ਆਉਣ ਵਾਲਿਆਂ ਨੌਜਵਾਨਾਂ ਨੂੰ ਕਿੱਤਾਮੁੱਖੀ ਸਿਖਲਾਈ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਡੀਐਸਪੀ ਬਲਕਾਰ ਸਿੰਘ, ਨਵਪ੍ਰੀਤ ਸਿੰਘ ਐਸਐਚਓ, ਸ੍ਰੀ ਸਤਗੁਰ ਦੇਵ ਸਿੰਘ ਪੱਪੀ, ਜ਼ਸਮੀਤ ਸਿੰਘ ਬਰਾੜ, ਜ਼ੋਨੀ, ਸੋਹਨ ਲਾਲ ਆਦਿ ਵੀ ਹਾਜਰ ਸਨ।