ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਿਖਲਾਈ ਦੇਣ ਲਈ ਰਿਸੋਰਸਪਰਸਨਾਂ ਦੀ ਸਿਖਲਾਈ ਦਾ ਆਗਾਜ਼

ਐਸ.ਏ.ਐਸ ਨਗਰ, 18 ਅਗਸਤ : ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਅਤੇ ਐੱਸ ਸੀ ਈ ਆਰ ਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਭਾਗੋਮਾਜਰਾ ਵਿਖੇ ‘ਪ੍ਰੋਜੈਕਟ ਸਮਰਥ’ ਤਹਿਤ ਰਿਸੋਰਸਪਰਸਨ ਅਧਿਆਪਕਾਂ ਦੇ ਤਿੰਨ ਰੋਜ਼ਾ ਸਿਖਲਾਈ ਵਰਕਸ਼ਾਪ ਦੀ ਸ਼ੁਰੂਆਤ ਕੀਤੀ ਗਈ। ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਸ਼ਵਨੀ ਕੁਮਾਰ ਦੱਤਾ ਅਤੇ ਡਿਪਟੀ ਡੀਈਓ ਐਲੀਮੈਂਟਰੀ ਪਰਮਿੰਦਰ ਕੌਰ ਦੀ ਅਗਵਾਈ ਹੇਠ ਤਿੰਨ ਰੋਜ਼ਾ ਸਿਖਲਾਈ ਵਰਕਸ਼ਾਪ ਦਾ ਆਗਾਜ਼ ਕੀਤਾ ਗਿਆ,ਜਿਸਦਾ ਮਕਸਦ ਪ੍ਰਾਇਮਰੀ ਸਕੂਲਾਂ ਵਿੱਚ ਤੀਜੀ ਤੋਂ ਪੰਜਵੀਂ ਜਮਾਤਾਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਟ੍ਰੇਨਿੰਗ ਦੇਣਾ ਹੈ। ਟ੍ਰੇਨਿੰਗ ਵਰਕਸ਼ਾਪ ਸਿਖਲਾਈਕਾਰਾਂ ਅਰਵਿੰਦਰ ਕੌਰ, ਸੁਖਵੰਤ ਕੌਰ, ਮਨਵੀਰ ਸਿੰਘ, ਰਾਜੇਸ਼ ਚੌਧਰੀ ਦੁਆਰਾ ਇਹ ਸਿਖਲਾਈ ਵਰਕਸ਼ਾਪ ਚਲਾਈ ਜਾ ਰਹੀ ਹੈ,ਜਿਸ ਵਿੱਚ ਸਾਰੇ ਬਲਾਕਾਂ ਦੇ ਲੱਗਭਗ 26 ਰਿਸੋਰਸਪਰਸਨ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਗਈ ਹੈ ਜੋ ਕਿ ਅਗਲੇ ਦਿਨਾਂ ਵਿੱਚ ਆਪੋ ਆਪਣੇ ਬਲਾਕਾਂ ਵਿੱਚ ਅਧਿਆਪਕਾਂ ਨੂੰ ਸਿਖਲਾਈ ਦੇਣਗੇ। ਇਸ ਮੌਕੇ ਡੀਈਓ ਐਲੀਮੈਂਟਰੀ ਅਸ਼ਵਨੀ ਕੁਮਾਰ ਦੱਤਾ ਵੱਲੋਂ ਵਰਕਸ਼ਾਪ ਦਾ ਦੌਰਾ ਕੀਤਾ ਅਤੇ ਉਨ੍ਹਾਂ ਨੂੰ ਸੰਬੋਧਨ ਕੀਤਾ।