ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਦਿੱਤੀ ਗਈ ਜਾਣਕਾਰੀ

  • ਅਯੂਸਮਾਨ ਸਿਹਤ ਬੀਮਾ ਕਾਰਡ ਬਣਾਏ, ਵਿਕਸਤ ਭਾਰਤ ਸੰਕਲਪ ਯਾਤਰਾ

ਬਰਨਾਲਾ, 29 ਦਸੰਬਰ : ਡਿਪਟੀ ਕਮਿਸਨਰ ਬਰਨਾਲਾ ਪੂਨਮਦੀਪ ਕੌਰ ਦੇ ਦਿਸ਼ਾ-ਨਿਰਦੇਸ਼ ‘ਤੇ ਵਿਕਸਤ ਭਾਰਤ ਸੰਕਲਪ ਯਾਤਰਾ ਤਹਿਤ ਪੱਖੋ ਕੈਂਚੀਆਂ ਅਤੇ ਪੱਖੋ ਕੇ ਵਿਖੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਬਾਰੇ ਜਾਣੂ ਕਰਵਾਉਣ ਅਤੇ ਲਾਭਪਾਤਰੀਆਂ ਨੂੰ ਸੇਵਾਵਾਂ ਦੇਣ ਲਈ ਵੱਖ-ਵੱਖ ਵਿਭਾਗਾਂ ਵਲੋਂ ਕੈਂਪ ਲਗਾਇਆ ਗਿਆ। ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸ਼ਰਮਾ ਅਤੇ ਐਸ.ਐਮ.ਓ. ਤਪਾ ਡਾ.ਨਵਜੋਤਪਾਲ ਸਿੰਘ ਭੁੱਲਰ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਚਲਾਈਆਂ ਜਾਂਦੀਆਂ ਸਕੀਮਾਂ ਜਿਵੇਂ ਮੋਤੀਆ ਮੁਕਤ ਅਭਿਆਨ, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦਾ ਮੁਫਤ ਇਲਾਜ, ਤਪਦਿਕ ਦੀ ਬਿਮਾਰੀ ਦਾ ਚੈੱਕਅਪ ਅਤੇ ਮੁਫਤ ਇਲਾਜ,ਮੁੱਖ ਮੰਤਰੀ ਕੈਂਸਰ ਰਾਹਤ ਕੋਸ ਸਕੀਮ, ਹੈਪੇਟਾਇਟਸ ਸੀ ਰਲੀਫ ਫੰਡ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਜੱਚਾ-ਬੱਚਾ ਸੇਵਾਵਾਂ ਬਾਰੇ ਦੱਸਿਆ ਗਿਆ। ਸੰਦੀਪ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਨੇ ਦੱਸਿਆ ਕਿ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀ ਸੂਚੀਬੱਧ ਹਸਪਤਾਲਾਂ ‘ਚ ਦਾਖਲ ਹੋ ਕੇ ਆਪਣਾ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਕਰਵਾ ਸਕਦਾ ਹੈ। ਇਸ ਸਮੇਂ ਪਿੰਡ ਪੱਖੋ ਕੇ ਵਿਖੇ ਸਿਹਤ ਬੀਮਾ ਯੋਜਨਾ ਦੇ ਕਾਰਡ ਵੀ ਬਣਾਏ ਗਏ। ਸਿਹਤ ਵਿਭਾਗ ਦੀਆਂ ਟੀਮਾਂ ‘ਚ ਡਾ. ਅਮ੍ਰਿਤਪਾਲ ਕੌਰ ,ਸਿਹਤ ਸੁਪਰਵਾਇਜਰ ਬਲਵਿੰਦਰ ਰਾਮ,ਸਿਹਤ ਕਰਮਚਾਰੀ ਹਰਜਿੰਦਰ ਸਿੰਘ,ਏ.ਐਨ.ਐਮ.ਪੁਸਪਾ ਰਾਣੀ ,ਸੀ.ਐਚ.ਓ. ਪੁਨੀਤਾ ਰਾਣੀ ਵਲੋਂ ਅਮਰਜੀਤ ਕੌਰ,ਕਰਮਜੀਤ ਕੌਰ,ਮਨਦੀਪ ਕੌਰ ਆਸਾ ਦੀ ਸਹਾਇਤਾ ਨਾਲ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ, ਜਿਸ ਵਿਚ ਲੋਕਾਂ ਦੇ ਬੀ.ਪੀ., ਸ਼ੂਗਰ ਤੇ ਖੂਨ ਦੀ ਜਾਂਚ ਕੀਤੀ ਗਈ ਅਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਸਰਪੰਚ ਰਾਜਿੰਦਰ ਸਿੰਘ ਪੱਖੋ ਕੇ ਅਤੇ ਸਰਪੰਚ ਲਛਮਣ ਰਾਮ ਪੱਖੋ ਕੈਂਚੀਆਂ ਅਤੇ ਸਮਾਜ ਸੇਵੀਆਂ ਵੱਲੋਂ ਜਾਗਰੂਕਤਾ ਕੈਂਪ ਨੂੰ ਸਫਲ ਬਣਾਉਣ ਲਈ ਪੂਰਾ ਸਹਿਯੋਗ ਦਿੱਤਾ ਗਿਆ।