ਸ੍ਰੀ ਮੁਕਤਸਰ ਸਾਹਿਬ, 12 ਮਈ : ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸੇਵਾ ਕੇਂਦਰਾਂ ਰਾਹੀਂ ਦਿੱਤੀਆਂ ਜਾ ਰਹੀਆਂ ਸੇਵਾਵਾਂ ’ਚ ਵਾਧਾ ਕਰਦਿਆਂ 4 ਹੋਰ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਵੀਂਆਂ ਸੇਵਾਵਾਂ ਵਿੱਚ ਐਚ.ਐਸ.ਆਰ.ਪੀ (ਹਾਈ ਸਕਿਊਰਟੀ ਨੰਬਰ ਪਲੇਟ), ਸਿਹਤ ਤੇ ਵਹੀਕਲ ਬੀਮਾ, ਆਧਾਰ ਪੈਨ ਨਾਲ ਲਿੰਕ ਅਤੇ ਜਨਰਲ ਟਾਈਪਿੰਗ ਨਾਲ ਸਬੰਧਤ ਸੇਵਾਵਾਂ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਸਰਕਾਰੀ ਦਫ਼ਤਰਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ ਜਿਸ ਤਹਿਤ ਜ਼ਿਲ੍ਹੇ ਦੇ ਸਮੁੱਚੇ ਸਰਕਾਰੀ ਅਦਾਰੇ ਸਵੇਰੇ 7:30 ਵਜੇ ਤੋਂ ਦੁਪਹਿਰ 2:00 ਵਜੇ ਤੱਕ ਖੁੱਲ੍ਹ ਰਹੇ ਹਨ,ਪਰ ਸਮੂਹ ਸੇਵਾ ਕੇਂਦਰ ਪਹਿਲਾਂ ਵਾਂਗ ਸਵੇਰੇ 9:00 ਵਜੇ ਤੋਂ ਸਾਮ 5:00 ਵਜੇ ਤੱਕ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾ ਰਹੇ ਹਨ।