ਇਫਕੋ ਨੈਨੋ ਯੂਰੀਆ ਅਤੇ ਨੈਨੋ ਡੀ.ਏ.ਪੀ. ਵਰਤਣ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ

ਫ਼ਤਹਿਗੜ੍ਹ ਸਾਹਿਬ, 02 ਜੂਨ : ਇਕਫੋ ਵੱਲੋਂ ਪਿੰਡ ਮੱਠੀ ਦੀ ਸਹਿਕਾਰੀ ਸਭਾ ਵਿਖੇ ਨੈਨੋ ਯੂਰੀਆ ਅਤੇ ਨੈਨੋ ਡੀ.ਏ.ਪੀ. ਵਰਤਣ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਇਲਾਕੇ ਦੇ ਵੱਡੀ ਗਿਣਤੀ ਕਿਸਾਨਾਂ ਨੇ ਭਾਗ ਲਿਆ। ਇਸ ਮੌਕੇ ਇਫਕੋ ਦੇ ਫੀਲਡ ਅਫਸਰ ਹਿਮਾਂਸ਼ੂ ਜੈਨ ਨੇ ਦਾਣੇਦਾਰ ਯੂਰੀਆ ਦੇ ਬਦਲ ਦੇ ਰੂਪ ਵਿੱਚ ਨੈਨੋ ਯੂਰੀਆ ਵਰਤਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਪਹਿਲੀ ਵਾਰ 50 ਫੀਸਦੀ ਨਾਈਟ੍ਰੋਜਨ, ਦਾਣੇਦਾਰ ਯੂਰੀਆ ਅਤੇ 30-35 ਦਿਨਾਂ ਬਾਦ ਨੈਨੋ ਯੂਰੀਆ ਦਾ ਪਹਿਲਾ ਸਪਰੇ ਕਰਨਾ ਚਾਹੀਦਾ ਹੈ ਉਸ ਤੋਂ 15 ਦਿਨਾਂ ਬਾਅਦ ਦੂਜਾ ਸਪਰੇਅ ਕਰਨਾ ਚਾਹੀਦਾ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਨੈਨੋ ਯੂਰੀਆ ਦੀ 500ਮਿਲੀ ਦੀ ਬੋਤਲ 125 ਲਿਟਰ ਪਾਣੀ ਰਾਹੀਂ ਸਪਰੇਅ ਕਰ ਸਕਦੇ ਹਾਂ।ਉਨ੍ਹਾਂ ਦੱਸਿਆ ਕਿ ਨੈਨੋ ਯੂਰੀਆ ਦੀ ਕੀਮਤ ਸਿਰਫ 225/- ਇਕ ਬੋਤਲ ਹੈ ਜੋ ਕਿ ਇਕ ਬੈਗ ਦੇ ਬਰਾਬਰ ਕੱਮ ਕਰਦੀ ਹੈ।ਨੈਨੋ ਡੀ ਏ ਪੀ ਬਾਰੇ ਉਨ੍ਹਾਂ ਦੱਸਿਆ ਕਿ ਇਸਦੀ ਵਰਤੋਂ ਲਈ ਪਹਿਲਾਂ ਬੀਜ ਸੋਧ ਕਰਨੀ ਹੈ ਜੋ ਕਿ 5 ਮਿਲੀ ਲੀਟਰ ਪ੍ਰਤੀ ਕਿਲੋ ਨੈਨੋ ਡੀ ਏ ਪੀ ਦੇ ਹਿਸਾਬ ਨਾਲ, ਉਸ ਤੋਂ ਬਾਦ 40 ਦਿਨ ਦੀ ਫਸਲ ਤੇ ਨੈਨੋ ਡੀ ਏ ਪੀ ਦੀ ਵਰਤੋਂ ਕਰਨੀ ਹੈ ਜੋ ਕਿ ਇਕ ਡੀ ਏ ਪੀ ਬੈਗ ਬਰਾਬਰ ਕੰਮ ਕਰਦੀ ਹੈ। ਇਸ ਮੌਕੇ ਸਹਿਕਾਰੀ ਸਭਾ ਮੱਠੀ ਦੇ ਸਕੱਤਰ ਵੀਰਦਵਿੰਦਰ ਸਿੰਘ ਅਤੇ ਪਿੰਡ ਦੇ ਸਰਪੰਚ ਕਰਨੈਲ ਸਿੰਘ ਨੇ ਕੈਂਪ ਲਗਾਉਣ ਲਈ ਇਫਕੋ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਇਫਕੋ ਦੇ ਨੈਨੋ ਯੂਰੀਆ ਅਤੇ ਸਾਗਰੀਕਾ ਉਤਪਾਦ ਦੀ ਵੀ ਸ਼ਲਾਘਾ ਕੀਤੀ। ਅਗਾਂਹਵਧੂ ਕਿਸਾਨ ਦਮਨਜੀਤ ਸਿੰਘ ਨੇ ਨੈਨੋ ਯੂਰੀਆ ਦੇ ਲਾਭ ਬਾਰੇ ਵਿਚਾਰ ਦੱਸੇ। ਇਸ ਕੈਂਪ ਵਿੱਚ ਨੰਬਰਦਾਰ ਸ਼ੇਰ ਸਿੰਘ, ਅਗਾਂਹਵਧੂ ਕਿਸਾਨ ਧਰਮਿੰਦਰ ਸਿੰਘ ਅਤੇ ਹਰਿੰਦਰ ਸਿੰਘ ਵੀ ਮੌਜੂਦ ਸਨ। ਕੈਂਪ ਦੇ ਅੰਤ ਵਿੱਚ ਇਫਕੋ ਵਲੋਂ ਤਰਲ ਜੈਵਿਕ ਖਾਦ ਦੀ ਕਿੱਟ ਮੁਫ਼ਤ ਵਿੱਚ ਵੰਡੀ ਗਈ।