ਫਸਲਾਂ ਦੇ ਨੁਕਸਾਨ ਦੀ ਸਰਕਾਰ ਨੇ ਸਮੇਂ ਸਿਰ ਮਦਦ ਨਾ ਦਿਤੀ ਤਾਂ ਵੱਡੇ ਪੱਧਰ 'ਤੇ ਖੁਦਕੁਸ਼ੀਆਂ ਹੋਣਗੀਆਂ : ਰਾਜੇਵਾਲ

ਮੋਹਾਲੀ, 02 ਅਪ੍ਰੈਲ : ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਉਨ੍ਹਾਂ ਪੰਜਾਬ ਵਿੱਚ ਹੋਏ ਬੇਮੌਸਮੇ ਮੀਂਹ ਅਤੇ ਗੜ੍ਹੇਮਾਰੀ ਕਾਰਨ ਖਰਾਬ ਹੋਈ ਫਸਲ ਲਈ ਸਰਕਾਰ ਤੋਂ ਯੋਗ ਮੁਆਵਜੇ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਭਾਰੀ ਕਾਰਨ ਜਿੱਥੇ ਕਣਕ ਖਰਾਬ ਹੋ ਚੁੱਕੀ ਹੈ, ਉੱਥੇ ਹੁਣ ਪਸ਼ੂਆਂ ਲਈ ਤੂੜੀ ਵੀ ਨਹੀਂ ਬਣ ਪਾਏਗੀ। ਜਿਸ ਕਾਰਨ ਕਿਸਾਨਾਂ ਨੂੰ ਕਾਫੀ ਨੁਕਸਾਨ ਝੱਲਣਾ ਪੈ ਸਕਦਾ ਹੈ। ਕਿਸਾਨ ਆਗੂ ਰਾਜੇਵਾਲ ਨੇ ਕਿਹਾ ਕਿ ਪੰਜਾਬ ਦੇਸ਼ ਦਾ ਸਭ ਤੋਂ ਵੱਡਾ ਅੰਨ ਭੰਡਾਰ ਹੈ, ਪਰ ਬੇਮੌਸਮੇਂ ਮੀਂਹ ਕਾਰਨ ਜੋ ਨੁਕਸਾਨ ਹੋਇਆ ਹੈ, ਉਸ ਲਈ ਸਰਕਾਰ ਵੱਲੋਂ ਅਗਰ ਸਮੇਂ ਸਿਰ ਮੱਦਦ ਨਾ ਕੀਤੀ ਗਈ ਤਾਂ ਖੁਦਕੁਸ਼ੀਆਂ ਵੱਡੀ ਗਿਣਤੀ ‘ਚ ਹੋਣਗੀਆਂ। ਉਨ੍ਹਾਂ ਕਿਹਾ ਕਿ ਦੁਨੀਆਂ ਵਿੱਚ ਅਨਾਜ ਦੀ ਕਿੱਲਤ ਅ ਰਹੀ ਹੈ ਤੇ ਆਉਣ ਵਾਲੇ ਸਮੇਂ ‘ਚ ਵੱਡੇ ਅਨਾਜ ਸੰਕਟ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਫਸਲਾਂ ਦੇ ਖਰਾਬੇ ਲਈ 15 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਘੱਟ ਹੈ। ਨੁਕਸਾਨੀਆਂ ਗਈਆਂ ਫਸਲਾਂ ਲਈ ਘੱਟੋ-ਘੱਟ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਐਸ.ਐਸ.ਐਮ ਦਾ ਕਿਹੜਾ ਆਗੂ ਹੈ ਜੋ ਸਿਆਸਤ ਵਿਚ ਨਹੀਂ ਆਇਆ। ਉਨ੍ਹਾਂ ਕਿਹਾ ਕਿ ਮੈਂ ਸੰਯੁਕਤ ਸਮਾਜ ਮੋਰਚਾ ਨਹੀਂ ਬਣਾਇਆ। ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਥੇ ਹੀ ਉਹ ਬੇਈਮਾਨ ਹਨ ਕਿਉਂਕਿ ਮੈਂ ਚੋਣ ਲੜਨ ਤੋਂ ਜਵਾਬ ਦੇ ਦਿੱਤਾ ਸੀ। ਮੇਰੇ ਤੋਂ ਧੱਕੇ ਨਾਲ ਚੋਣ ਲੜਵਾਈ ਗਈ। ਉਨ੍ਹਾਂ ਕਿਹਾ ਕਿ ਉਸ ਵਕਤ ਸਾਰੇ ਇਕੱਠੇ ਹੋ ਗਏ ਸਨ ਅਤੇ ਮੈਨੂੰ ਕਿਹਾ ਕਿ ਤੁਹਾਨੂੰ ਚੋਣ ਲੜਨੀ ਪਵੇਗੀ, ਤੁਸੀਂ ਸਾਨੂੰ ਜਵਾਬ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਜਿਸ ਦਿਨ ਸੰਯੁਕਤ ਸਮਾਜ ਮੋਰਚਾ ਬਣਾਇਆ ਮੈਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਸੀ। ਪ੍ਰੈਸ ਮਿਲਣੀ ਦੌਰਾਨ ਅਚਾਨਕ ਮੇਰੇ ਪਿੱਛੇ ਲਿਆ ਕੇ ਇੱਕ ਬੋਰਡ ਖੜ੍ਹਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਬਣਾਉਣ ਬਾਰੇ ਮੇਰੇ ਤੋਂ ਪੁੱਛਿਆ ਵੀ ਨਹੀਂ ਗਿਆ। ਉਸ ਪ੍ਰੈਸ ਵਾਰਤਾ ਦੌਰਾਨ ਮੈਂ ਇੱਕ ਵੀ ਸ਼ਬਦ ਨਹੀਂ ਬੋਲਿਆ, ਜੋ ਕੁਝ ਕਿਹਾ ਉਨ੍ਹਾਂ ਨੇ ਹੀ ਕਿਹਾ। ਅੱਗੇ ਗਲਬਾਤ ਦੌਰਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਨਾ ਮੈਂ ਟਿਕਟਾਂ ਵੰਡੀਆਂ ਤੇ ਨਾ ਹੀ ਉਮੀਦਵਾਰ ਖੜ੍ਹੇ ਕੀਤੇ। ਇਹ ਸਭ ਕੁਝ ਉਨ੍ਹਾਂ ਨੇ ਕੀਤਾ ਅਤੇ ਫਿਰ ਅੱਧ ਵਿਚਾਲੇ ਮੈਨੂੰ ਪਿੱਛੇ ਹਟਣ ਲਈ ਕਿਹਾ ਗਿਆ ਪਰ ਮੈਂ ਇਨਕਾਰ ਕੀਤਾ ਅਤੇ ਕਿਹਾ ਕਿ ਤੁਸੀਂ ਬੇਈਮਾਨ ਹੋ। ਜਿਸ 'ਤੇ ਉਨ੍ਹਾਂ ਕਿਹਾ ਕਿ ਉਹ ਵਿਰੋਧ ਕਰਨਗੇ। ਰਾਜੇਵਾਲ ਮੁਤਾਬਕ ਉਨ੍ਹਾਂ ਕਿਹਾ ਕਿ ਮੇਰੇ ਨਾਮ 'ਤੇ ਜੋ 102 ਬੰਦੇ ਚੋਣਾਂ ਵਿਚ ਖੜ੍ਹੇ ਕੀਤੇ ਹਨ ਉਨ੍ਹਾਂ ਨੂੰ ਧੋਖਾ ਨਹੀਂ ਦੇਣਾ ਅਤੇ ਬੇਜ਼ੁਬਾਨਾਂ ਨਹੀਂ ਕਹਾਉਣਾ।