ਜੇਕਰ 10 ਸਾਲਾਂ ਤੋਂ ਆਧਾਰ ਅਪਡੇਟ ਨਹੀਂ ਕਰਵਾਇਆ ਤਾਂ ਆਪਣਾ ਆਧਾਰ ਜ਼ਰੂਰ ਅਪਡੇਟ ਕਰਵਾਓ: ਵਧੀਕ ਡਿਪਟੀ ਕਮਿਸ਼ਨਰ

  • *5 ਸਾਲ ਤੱਕ ਦੇ ਬੱਚਿਆਂ ਦੀ ਆਧਾਰ ਰਜਿਸਟ੍ਰੇਸ਼ਨ ਤੇ 5 ਤੋਂ 15 ਸਾਲ ਤੱਕ ਦੇ ਬੱਚਿਆਂ ਦਾ ਆਧਾਰ ਅਪਡੇਟ ਲਾਜ਼ਮੀ ਕਰਵਾਉਣ 'ਤੇ ਜ਼ੋਰ

ਬਰਨਾਲਾ, 27 ਮਈ : ਜ਼ਿਲ੍ਹਾ ਪੱਧਰੀ ਆਧਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਲਵਜੀਤ ਕਲਸੀ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਹੜੇ ਨਾਗਰਿਕਾਂ ਦਾ ਆਧਾਰ ਕਾਰਡ 2015 ਤੋਂ ਪਹਿਲਾਂ ਦਾ ਬਣਿਆ ਹੋਇਆ ਹੈ ਜਾਂ ਕਰੀਬ 10 ਸਾਲਾਂ ਤੋਂ ਆਧਾਰ ਅਪਡੇਟ ਨਹੀਂ ਕਰਵਾਇਆ, ਉਹ ਆਪਣੀ ਆਧਾਰ ਜਾਣਕਾਰੀ ਨੂੰ ਅਪਡੇਟ ਜ਼ਰੂਰ ਕਰਾਉਣ। ਉਨ੍ਹਾਂ ਜ਼ੀਰੋ ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੀ ਆਧਾਰ ਰਜਿਸਟ੍ਰੇਸ਼ਨ ਲਾਜ਼ਮੀ ਕਰਵਾਏ ਜਾਣ 'ਤੇ ਜ਼ੋਰ ਦਿੰਦਿਆਂ ਕਿਹਾ ਕਿ 5 ਤੋਂ 15 ਸਾਲ ਦੇ ਬੱਚਿਆਂ ਦੇ ਬਾਇਓਮੈਟ੍ਰਿਕ ਅਪਡੇਟ ਵੀ ਜ਼ਰੂਰ ਕਰਵਾਏ ਜਾਣੇ ਯਕੀਨੀ ਬਣਾਏ ਜਾਣ। ਉਨ੍ਹਾਂ ਕਿਹਾ ਕਿ ਲੋਕ ਨੇੜਲੇ ਸੇਵਾ ਕੇਂਦਰ ਜਾਂ ਆਧਾਰ ਕੇਂਦਰ ਵਿਖੇ ਜਾ ਕੇ ਆਪਣੀ ਪਛਾਣ ਅਤੇ ਘਰ ਦੇ ਪੱਕੇ ਪਤੇ ਦੇ ਸਬੂਤ 'ਤੇ ਦਸਤਾਵੇਜ਼ ਜਮ੍ਹਾਂ ਕਰਵਾਕੇ ਆਪਣੇ ਆਧਾਰ ਕਾਰਡ ਨੂੰ ਅਪਡੇਟ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਧਾਰ ਅਪਡੇਟ ਕਰਵਾਉਣ ਲਈ ਇੱਕ ਮੁਹਿੰਮ ਅਰੰਭੀ ਹੈ, ਜਿਸ ਦਾ ਲੋਕਾਂ ਨੂੰ ਲਾਭ ਉਠਾਉਣਾ ਚਾਹੀਦਾ ਹੈ। ਏ.ਡੀ.ਸੀ. ਨੇ ਕਿਹਾ ਕਿ ਭਾਵੇਂ ਕਿ ਨਾਗਰਿਕਾਂ ਦੇ ਪਤੇ ਆਦਿ ਵਿੱਚ ਕੋਈ ਤਬਦੀਲੀ ਨਾ ਵੀ ਹੋਈ ਹੋਵੇ ਤਾਂ ਵੀ ਆਧਾਰ ਅਪਡੇਟ ਕਰਵਾਉਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੋਬਾਇਲ ਨੰਬਰ ਆਧਾਰ ਨਾਲ ਰਜਿਸਟਰਡ ਹੋਇਆ ਹੈ ਤਾਂ ਨਾਗਰਿਕ ਇਹ ਸੇਵਾ ਆਨਲਾਈਨ ਮਾਈ ਆਧਾਰ ਡਾਟ ਯੂਆਈਡੀਆਈ ਡਾਟ ਜੀਓਵੀ ਡਾਟ ਇਨ ਰਾਹੀਂ ਵੀ ਅਪਡੇਟ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਜਦੋਂ ਆਧਾਰ ਕਾਰਡ ਸਰਕਾਰੀ ਸੇਵਾਵਾਂ ਅਤੇ ਸਕੀਮਾਂ ਦਾ ਲਾਭ ਪ੍ਰਾਪਤ ਕਰਨ ਲਈ ਨਾਗਰਿਕਾਂ ਦੀ ਪਛਾਣ ਦਾ ਇੱਕ ਪੁਖ਼ਤਾ ਸਬੂਤ ਬਣ ਗਿਆ ਹੈ ਤਾਂ ਇਸ ਨੂੰ ਸਮੇਂ ਸਮੇਂ 'ਤੇ ਅਪਡੇਟ ਕਰਨਾ ਵੀ ਲਾਜ਼ਮੀ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਆਧਾਰ ਅਪਡੇਟ ਕਰਵਾਉਣ ਲਈ ਸੇਵਾ ਕੇਂਦਰ, ਕੌਮਨ ਸਰਵਿਸ ਸੈਂਟਰ, ਬੈਂਕ, ਡਾਕਖਾਨੇ ਆਦਿ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਜ਼ਿਲ੍ਹਾ ਤਕਨੀਕੀ ਕੋਆਰਡੀਨੇਟਰ ਗਵਰਨੈਂਸ ਰਿਫੋਰਮਜ਼ ਸੰਜੇ ਅਹੂਜਾ ਤੋਂ ਇਲਾਵਾ ਐਸਐਸਪੀ ਦਫ਼ਤਰ, ਸਿਵਲ ਸਰਜਨ ਦਫਤਰ, ਦਫਤਰ ਜ਼ਿਲ੍ਹਾ ਸਿੱਖਿਆ ਅਫ਼ਸਰ, ਐਲਡੀਐਮ ਦੇ ਨੁਮਾਇੰਦੇ ਹਾਜ਼ਰ ਸਨ।