ਸਿਟਰਸ ਅਸਟੇਟ ਟਾਹਲੀਵਾਲਾ ਜੱਟਾਂ ਵਿਖੇ ਲਗਾਇਆ ਗਿਆ ਬਾਗਬਾਨੀ ਸਿਖਲਾਈ ਕੈਂਪ

ਫਾਜਿਲਕਾ 17 ਜੁਲਾਈ 2024 : ਸਿਟਰਸ ਅਸਟੇਟ ਟਾਹਲੀਵਾਲਾ ਜੱਟਾਂ ਵਿਖੇ ਬਾਗਬਾਨੀ ਸਿਖਲਾਈ ਕੈਂਪ ਲਗਾਇਆ ਗਿਆ। ਜਿਸ ਦੌਰਾਨ ਡਾ. ਜਤਿੰਦਰ ਸਿੰਘ ਸੰਧੂ ਸਹਾਇਕ ਡਾਇਰੈਕਟਰ ਬਾਗਬਾਨੀ ਸਿਟਰਸ ਅਸਟੇਟ ਟਾਹਲੀਵਾਲਾ ਜੱਟਾਂ ਵੱਲੋਂ ਹਾਜ਼ਰ ਹੋਏ ਬਾਗਬਾਨਾਂ ਦਾ ਸਵਾਗਤ ਕੀਤਾ ਅਤੇ ਬਾਗਬਾਨਾਂ ਨੂੰ ਬਾਗਬਾਨੀ ਮਹਿਕਮੇ ਦੀਆਂ ਸਕੀਮਾਂ ਤੋਂ ਜਾਣੂ ਕਰਵਾਉਂਦੇ ਹੋਏ ਬਾਗਬਾਨੀ ਸਹਾਇਕ ਧੰਦੇ ਅਪਣਾਉਣ ਵੱਲ ਪ੍ਰੇਰਿਤ ਕੀਤਾ। ਡਾ. ਸੰਧੂ ਨੇ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਕੌਮੀ ਬਾਗਬਾਨੀ ਮਿਸ਼ਨ ਤਹਿਤ ਨਵੇਂ ਲਗਾਉਣ ਤੇ, ਵਾਟਰ ਸਟੋਰੇਜ਼ ਟੈਂਕ, ਸ਼ਾਹਿਦ ਮੱਖੀ ਪਾਲਣ, ਬਾਗਬਾਨੀ ਮਸ਼ੀਨੀਕਰਨ, ਪ੍ਰੋਟੈਕਟਿਡ ਕਲਟੀਵੇਸ਼ਨ ਆਦਿ ਤੇ ਸਬਸਿਡੀ ਦਿੱਤੀ ਜਾਂਦੀ ਹੈ। ਉਹਨਾਂ ਨੇ ਵੱਧ ਤੋਂ ਵੱਧ ਬਾਗਬਾਨਾਂ ਨੂੰ ਇਹਨਾਂ ਸਕੀਮਾਂ ਦਾ ਫਾਇਦਾ ਉਠਾਉਣ ਲਈ ਕਿਹਾ। ਇਸ ਤੋਂ ਉਪਰੰਤ ਡਾ. ਅਨਿਲ ਸਾਗਵਾਨ, ਡਾਇਰੈਕਟਰ ਖੇਤਰੀ ਖੋਜ ਕੇਂਦਰ ਅਬੋਹਰ ਵੱਲੋਂ ਨਵੇਂ ਬਾਗ ਲਗਾਉਣ ਵੇਲੇ ਸਿਹਤਮੰਦ ਬੂਟਿਆਂ ਦੀ ਚੋਣ ਅਤੇ ਬਾਗਾਂ ਵਿੱਚ ਖਾਦਾਂ ਦੀ ਸੁਚੱਜੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਇਸ ਉਪਰੰਤ ਡਾ. ਜਗਦੀਸ਼ ਅਰੋੜਾ, ਜ਼ਿਲ੍ਹਾ ਪਸਾਰ ਮਾਹਿਰ ਵੱਲੋਂ ਨਿੰਬੂ ਜਾਤੀ ਦੇ ਬਾਗਾਂ ਵਿੱਚ ਕੀੜੇ-ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਸਬੰਧੀ ਵਿਸਥਾਰ ਪੂਰਵਕ ਦੱਸਿਆ ਗਿਆ। ਡਾ. ਅਨਿਲ ਕਾਮਰਾ, ਬਾਗਬਾਨੀ ਸਾਇੰਸਦਾਨ ਵੱਲੋਂ ਬਾਗਬਾਨੀ ਫਸਲਾਂ ਦੀਆਂ ਨਵੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ। ਜਿਸ ਵਿੱਚ ਉਨ੍ਹਾਂ ਜਾਮਣ ਦੇ ਬਾਗਾਂ ਦੀਆਂ ਨਵੀਆਂ ਕਿਸਮਾਂ ਅਤੇ ਖਜ਼ੂਰ ਦੇ ਬਾਗਾਂ ਦੀ ਕਾਸ਼ਤ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਸੁਖਜਿੰਦਰ ਸਿੰਘ, ਬਾਗਬਾਨੀ ਵਿਕਾਸ ਅਫਸਰ ਵੱਲੋਂ ਸਿਟਰਸ ਅਸਟੇਟ ਵਿੱਚ ਚੱਲ ਰਹੀਂਆਂ ਵੱਖ-ਵੱਖ ਗਤੀਵਿਧੀਆਂ ਬਾਰੇ ਬਾਗਬਾਨਾਂ ਨੂੰ ਜਾਣੂੰ ਕਰਵਾਇਆ ਅਤੇ ਅਸਟੇਟ ਵਿਖੇ ਵੱਖ-ਵੱਖ ਸੰਦਾਂ ਨੂੰ ਕਿਰਾਏ ਤੇ ਦੇਣ ਬਾਰੇ ਬਾਗਬਾਨਾਂ ਨੂੰ ਵਿਸਥਾਰ ਪੂਰਵਕ ਦੱਸਿਆ। ਹਾਜ਼ਰ ਬਾਗਬਾਨਾਂ ਵੱਲੋਂ ਇਲਾਕੇ ਅੰਦਰ ਨਹਿਰੀ ਪਾਣੀ ਦੀ ਆ ਰਹੀ ਕਿੱਲਤ ਬਾਰੇ ਜਾਣੂ ਕਰਵਾਇਆ। ਜਿਸ ਤੇ ਵਿਚਾਰ ਵਟਾਂਦਰਾ ਕਰਦੇ ਹੋਏ ਦੱਸਿਆ ਗਿਆ ਕਿ ਨੂੰ ਵੱਧ ਤੋਂ ਵੱਧ ਬਾਗਾਂ ਨੂੰ ਤੁਪਕਾ ਸਿੰਚਾਈ ਹੇਠ ਲਿਆਂਦਾ ਜਾਵੇ ਅਤੇ ਵਾਟਰ ਸਟੋਰੇਜ਼ ਟੈਂਕ ਬਣਾ ਕੇ ਪਾਣੀ ਨੂੰ ਸਟੋਰ ਕੀਤਾ ਜਾਵੇ ਅਤੇ ਨਾਲ ਹੀ ਭਰੋਸਾ ਦਿਵਾਇਆ ਗਿਆ ਕਿ ਇਸ ਸਮੱਸਿਆ ਨੂੰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਇਸ ਮੌਕੇ ਸ਼੍ਰੀ ਰਾਮ ਕੁਮਾਰ ਬਾਗਬਾਨੀ ਤਕਨੀਕੀ ਸਹਾਇਕ, ਸ਼੍ਰੀ ਸਪਿੰਦਰ ਸਿੰਘ ਆਫਿਸ ਐਗਜੈਕਟਿਵ, ਸ਼੍ਰੀ ਸੁਨੀਲ ਕੁਮਾਰ, ਲੇਖਾਕਾਰ ਅਤੇ ਐਗਜੈਕਟਿਵ ਕਮੇਟੀ ਦੇ ਮੈਂਬਰ ਸ਼੍ਰੀ ਜੁਪਿੰਦਰ ਸਿੰਘ, ਸ਼੍ਰੀ ਗੁਰਵਿੰਦਰ ਸਿੰਘ, ਸ਼੍ਰੀ ਸ਼ਿੰਦਰਪਾਲ ਸਿੰਘ, ਸ਼੍ਰੀ ਕੇਵਲ ਕ੍ਰਿਸ਼ਨ, ਸ਼੍ਰੀ ਅਨਿਲ ਜਿਆਣੀ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।