ਵਾਤਾਵਰਣ ਬਚਾਉਣ ’ਚ ਯੋਗਦਾਨ ਪਾਉਣ ਵਾਲੇ ਕਿਸਾਨ ਸਤਿਨਾਮ ਬੜੈਚ ਦਾ ਸਨਮਾਨ

ਮੁੱਲਾਂਪੁਰ ਦਾਖਾ, 29 ਸਤੰਬਰ (ਸਤਵਿੰਦਰ ਸਿੰਘ ਗਿੱਲ) : ਜਿਲ੍ਹਾ ਪ੍ਰਸ਼ਾਸਨ ਲੁਧਿਆਣਾ , ਖੇਤੀਬਾੜੀ,  ਕਿਸਾਨ ਭਲਾਈ ਵਿਭਾਗ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਕੇ ਵਾਤਾਵਰਣ ਨੂੰ ਬਚਾਉਣ ’ਚ ਆਪਣਾ ਅਹਿਮ ਯੋਗਦਾਨ ਪਾਉਣ ਵਾਲੇ ਅਗਾਂਹਵੱਧੂ ਕਿਸਾਨ ਸਤਿਨਾਮ ਬੜੈਚ ਦਾ ਜਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦੇ ਆਯੋਜਨ ਦੌਰਾਨ ਡਿਪਟੀ ਕਮਿਸ਼ਨਰ ਲੁਧਿਆਣਾ ਮੈਡਮ ਸੁਰਭੀ ਮਲਿਕ, ਡਾ. ਗਗਨਦੀਪ ਕੌਰ, ਡਾ. ਵੀਰਪਾਲ ਕੌਰ, ਮੁੱਖ ਖੇਤੀਬਾੜੀ ਅਫਸਰ ਨਰਿੰਦਰਪਾਲ ਸਿੰਘ ਬੈਨੀਪਾਲ ਅਤੇ ਵਾਤਾਵਰਣ ਵਿਭਾਗ ਵੱਲੋਂ ਟਰਾਫੀ ਅੇਤ ਪ੍ਰਸ਼ੰਸਾ ਪੱਤਰ ਦੇਕੇ ਸਨਮਾਨ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਡੀ.ਸੀ. ਮੈਡਮ ਸੁਰਭੀ ਮਲਿਕ ਵੱਲੋਂ ਕੀਤਾ ਗਿਆ। ਪ੍ਰਸ਼ੰਸਾ ਪੱਤਰ ਹਾਸਲ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਤਿਨਾਮ ਬੜੈਚ ਨੇ ਕਿਸਾਨਾ ਨੂੰ ਵਾਤਾਵਰਣ ਦੀ ਸੰਭਾਲ ਪ੍ਰਤੀ ਸੁਚੇਤ ਕਰਦਿਆਂ ਕਿਹਾ ਕਿ ਉਹ ਹੁਣ ਝੋਨੇ ਦੇ ਸੀਜਨ ਦੌਰਾਨ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾਉਣ ਤੋਂ ਗੁਰੇਜ ਕਰਨ ਤਾਂ ਜੋਂ ਦਿਨ ਬਦਿਨ ਮਨੁੱਖਾ ਜੀਵਨ ਲਈ ਗਾਤਕ ਹੁੰਦੇ ਜਾ ਰਹੇ ਪ੍ਰਦੂਸ਼ਣ ਤੋਂ ਰਾਹਤ ਪਾਈ ਜਾ ਸਕੇ। ਦੱਸਣਯੋਗ ਹੈ ਕਿ ਕਿਸਾਨ ਸਤਿਨਾਮ ਬੜੈਚ ਅਤੇ ਭਰਾ ਦਿਲਬਾਗ ਸਿੰਘ ਪਿਤਾ ਪੁਰਖੀ ਕਿੱਤੇ ਖੇਤੀਬਾੜੀ ਦਾ ਧੰਦਾ ਪਿਛਲੇ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਨ ਤੇ ਉਹਨਾਂ ਕਦੇ ਵੀ ਝੋਨਾ ਵੱਢਣ ਉਪਰੰਤ ਖੇਤਾਂ ਵਿੱਚ ਪਰਾਲੀ ਨੂੰ ਅੱਗ ਨਹੀਂ ਲਗਾਈ ਅਤੇ ਉਹ ਪਹਿਲਾਂ ਵੀ ਕਈ ਸਨਮਾਨ ਹਾਸਲ ਕਰ ਚੁੱਕੇ ਹਨ।