ਮਾਨ ਸਰਕਾਰ ਨੇ ਬਰਨਾਲੇ ਦੇ ਪਿੰਡਾਂ- ਸ਼ਹਿਰਾਂ ਵਿੱਚ ਵਿਕਾਸ ਕਾਰਜਾਂ ਦੀ ਲਾਈ ਝੜੀ, ਕਰੋੜਾਂ ਦੀ ਲਾਗਤ ਨਾਲ ਸੜਕਾਂ ਦਾ ਨਵੀਨੀਕਰਨ ਸ਼ੁਰੂ : ਮੀਤ ਹੇਅਰ

  • ਸੰਸਦ ਮੈਂਬਰ ਨੇ ਡੇਢ ਕਰੋੜ ਦੀ ਲਾਗਤ ਨਾਲ 4 ਵੱਖ - ਵੱਖ  ਸੜਕਾਂ ਦੇ ਕੰਮਾਂ ਦੇ ਰੱਖੇ ਨੀਂਹ ਪੱਥਰ
  • ਨੰਗਲ - ਝਲੂਰ, ਮਾਨਸਾ ਰੋਡ ਤੋਂ ਧਨੌਲਾ ਖੁਰਦ, ਨੰਗਲ ਫਿਰਨੀ ਅਤੇ ਖੁੱਡੀ ਕਲਾਂ ਫਿਰਨੀ ਦੇ ਨਵੀਨੀਕਰਨ ਦਾ ਰੱਖਿਆ ਨੀਂਹ ਪੱਥਰ
  • ਸੜਕਾਂ ਬਣਨ ਨਾਲ ਨੰਗਲ, ਝਲੂਰ, ਖੁੱਡੀ ਤੇ ਧਨੌਲਾ ਖੁਰਦ ਵਾਸੀਆਂ ਅਤੇ ਰਾਹਗੀਰਾਂ ਨੂੰ ਮਿਲੇਗੀ ਵੱਡੀ ਰਾਹਤ

ਬਰਨਾਲਾ, 23 ਸਤੰਬਰ 2024 : ਜ਼ਿਲ੍ਹਾ ਬਰਨਾਲਾ ਦੇ ਪਿੰਡਾਂ ਵਿੱਚ ਸੜਕਾਂ ਅਤੇ ਗੰਦੇ ਪਾਣੀ ਦੀ ਨਿਕਾਸੀ ਦੇ ਕੰਮ ਕਰੋੜਾਂ ਰੁਪਏ ਦੀ ਲਾਗਤ ਨਾਲ ਤਰਜੀਹੀ ਤੌਰ 'ਤੇ ਕਰਵਾਏ ਜਾ ਰਹੇ ਹਨ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋਂ ਜਿੱਥੇ 35 ਕਰੋੜ ਰੁਪਏ ਦੇ ਫੰਡ ਸੜਕਾਂ ਲਈ ਜਾਰੀ ਕੀਤੇ ਗਏ ਹਨ, ਓਥੇ ਕਰੋੜਾਂ ਦੀ ਲਾਗਤ ਨਾਲ ਪਿੰਡਾਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ ਥਾਪਰ ਮਾਡਲ ਬਣਾਏ ਜਾ ਰਹੇ ਹਨ। ਇਹ ਪ੍ਰਗਟਾਵਾ ਸੰਸਦ ਮੈਂਬਰ ਸ. ਗੁਰਮੀਤ ਸਿੰਘ Meet Hayer ਨੇ ਵੱਖ - ਵੱਖ ਪਿੰਡਾਂ ਵਿੱਚ ਸੜਕਾਂ ਦੇ 1.5 ਕਰੋੜ ਦੀ ਲਾਗਤ ਵਾਲੇ ਕੰਮਾਂ ਦੇ ਨੀਂਹ ਪੱਥਰ ਰੱਖਣ ਮੌਕੇ ਕੀਤਾ। ਉਨ੍ਹਾਂ ਪਿੰਡ ਨੰਗਲ ਵਿੱਚ ਨੰਗਲ ਤੋਂ ਝਲੂਰ 3 ਕਿਲੋਮੀਟਰ ਲੰਮੀ ਸੜਕ ਦਾ 30.62 ਲੱਖ ਦੀ ਲਾਗਤ ਵਾਲੇ ਕੰਮ ਦਾ ਨੀਂਹ ਪੱਥਰ ਰੱਖਿਆ ਜਿਸ ਨਾਲ ਨੰਗਲ ਤੇ ਝਲੂਰ ਦੇ ਰਾਹਗੀਰਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਦੇ ਨਾਲ ਹੀ ਉਨ੍ਹਾਂ ਪਿੰਡ ਨੰਗਲ ਦੀ ਫਿਰਨੀ ਦੇ 43.28 ਲੱਖ ਦੀ ਲਾਗਤ ਵਾਲੇ ਕੰਮ ਦਾ ਨੀਂਹ ਪੱਥਰ ਰੱਖਿਆ, ਜਿਸ ਦੀ ਲੰਬਾਈ 0.96 ਕਿਲੋਮੀਟਰ ਹੈ। ਇਸ ਮਗਰੋਂ ਉਨ੍ਹਾਂ ਪਿੰਡ ਖੁੱਡੀ ਕਲਾਂ ਦੀ ਫਿਰਨੀ ਨੇ ਕੰਮ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ। ਇਸ 1.60 ਕਿਲੋਮੀਟਰ ਲੰਮੀ ਸੜਕ ਦਾ ਕੰਮ 72.58 ਲੱਖ ਦੀ ਲਾਗਤ ਨਾਲ ਕੀਤਾ ਜਾਣਾ ਹੈ। ਇਸ ਮਗਰੋਂ ਉਨ੍ਹਾਂ ਮਾਨਸਾ ਰੋਡ ਤੋਂ ਧਨੌਲਾ ਖੁਰਦ ਸੜਕ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ, ਜਿਸ ਦਾ ਕੰਮ 5.23 ਲੱਖ ਦੀ ਲਾਗਤ ਨਾਲ ਕੀਤਾ ਜਾਣਾ ਹੈ। ਪਿੰਡ ਧਨੌਲਾ ਖੁਰਦ ਵਿੱਚ ਸੰਬੋਧਨ ਕਰਦੇ ਹੋਏ ਕਿਹਾ ਕਿ ਪਿੰਡਾਂ ਦੀਆਂ ਸੜਕਾਂ ਦਾ ਨਵੀਨੀਕਰਨ ਅਤੇ ਗੰਦੇ ਪਾਣੀ ਦੀ ਨਿਕਾਸੀ ਦੇ ਕੰਮ ਉਨ੍ਹਾਂ ਵਲੋਂ ਤਰਜੀਹੀ ਆਧਾਰ 'ਤੇ ਕਰਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਧਨੌਲਾ ਖੁਰਦ ਵਿੱਚ 75 ਲੱਖ ਦੀ ਲਾਗਤ ਨਾਲ ਥਾਪਰ ਮਾਡਲ ਦਾ ਕੰਮ ਜਾਰੀ ਹੈ ਤਾਂ ਜੋ ਪਿੰਡ ਦੇ ਲੋਕਾਂ ਨੂੰ ਛੱਪੜਾਂ ਦੇ ਗੰਦੇ ਪਾਣੀ ਤੋਂ ਨਿਜਾਤ ਮਿਲ ਸਕੇ।