ਹਾਈ ਸਕਿਉਰਿਟੀ ਨੰਬਰ ਪਲੇਟਾਂ ਤੋਂ ਬਿਨ੍ਹਾਂ ਨਹੀਂ ਹੋਵੇਗੀ ਆਰ ਸੀ ਅਪਰੂਵਲ : ਡਾ. ਪੂਨਮਪ੍ਰੀਤ ਕੌਰ

ਲੁਧਿਆਣਾ, 21 ਫਰਵਰੀ, (ਰਘਵੀਰ ਸਿੰਘ ਜੱਗਾ) : ਮੰਗਲਵਾਰ ਨੂੰ ਸਕੱਤਰ ਆਰਟੀਏ ਡਾ. ਪੂਨਮਪ੍ਰੀਤ ਕੌਰ ਅਤੇ ਏਸੀਪੀ ਟਰੈਫਿਕ ਗੁਰਪ੍ਰੀਤ ਸਿੰਘ ਵੱਲੋਂ ਸਾਂਝੇ ਤੌਰ ’ਤੇ ਲੁਧਿਆਣਾ ਵਿਚਲੇ ਵਾਹੀਕਲ ਵੇਚਣ ਵਾਲੇ ਸਾਰੇ ਆਟੋ ਡੀਲਰਜ਼ ਅਤੇ ਆਟੋ/ਈ ਰਿਕਸ਼ਾ ਚਾਲਕ ਨੁਮਾਇੰਦਿਆ ਨਾਲ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਸਥਾਨਕ ਬਚਤ ਭਵਨ ਵਿੱਚ ਕੀਤਾ ਗਿਆ। ਜਿਸ ਵਿੱਚ ਆਰਟੀਏ ਵੱਲੋਂ ਡੀਲਰਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਸੁਣਨ ਤੋਂ ਬਾਅਦ ਦਫਤਰੀ ਪ੍ਰੇਸ਼ਾਨੀਆਂ ਮੌਕੇ ’ਤੇ ਹੱਲ ਕੀਤੀਆਂ ਅਤੇ ਕੁਝ ਪ੍ਰੇਸ਼ਾਨੀਆਂ ਦੇ ਹੱਲ ਲਈ ਉਚ ਅਧਿਕਾਰੀਆਂ ਨਾਲ ਗੱਲ ਕਰਕੇ ਹੱਲ ਕਰਵਾਉਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਡੀਲਰਾਂ ਨੂੰ ਬਿਨ੍ਹਾਂ ਪੇਪਰਾਂ ਤੋਂ ਵੇਚੇ ਈ-ਰਿਕਸ਼ਾ ਬਾਰੇ ਪੁੱਛੇ ਜਾਣ ’ਤੇ ਉਹਨਾਂ ਸਾਫ ਕਿਹਾ ਕਿ ਜਦੋਂ ਅਸੀਂ ਵੇਚੀਆਂ, ਉਸ ਵੇਲੇ ਆਰਸੀ ਬਨਾਉਣਾ ਜ਼ਰੂਰੀ ਨਹੀਂ ਸੀ ਤੇ ਹੁਣ ਪੁਰਾਣੇ ਈ-ਰਿਕਸ਼ਾ ਦੀਆਂ ਆਰਸੀਆਂ ਇੰਸੋਰੇਸ਼ ਨਾ ਹੋਣ ਕਰਕੇ ਨਹੀਂ ਬਣਦੀਆਂ ਤੇ ਇੰਸੋਰੇਸ਼ ਕੰਪਨੀਆਂ 2 ਸਾਲ ਤੋਂ ਜ਼ਿਆਦਾ ਪੁਰਾਣੇ ਵਹੀਕਲਾਂ ਦੀ ਇੰਸੋਰੇਸ਼ ਨਹੀਂ ਕਰਦੀਆਂ। ਇਸ ਮੌਕੇ ਆਰਟੀਓ ਵੱਲੋਂ ਹਾਈ ਸਕਿਉਰਿਟੀ ਨੰਬਰ ਪਲੇਟਾਂ ਲਗਵਾਉਣ ’ਤੇ ਜੋਰ ਦਿੰਦੇ ਹੋਏ ਡੀਲਰਾਂ ਨੂੰ ਸਖਤ ਸ਼ਬਦਾਂ ਵਿੱਚ ਕਿਹਾ ਕਿ ਵੇਚੇ ਜਾਣ ਵਾਲੇ ਸਾਰੇ ਵਹੀਕਲਾਂ ਦੀ ਰਜਿਸਟਰੇਸ਼ਨ ਕਰਵਾਉਣ ਅਤੇ ਸਰਕਾਰੀ ਨੰਬਰ ਪਲੇਟਾਂ ਲਗਾਉਣ ਦੀ ਜ਼ਿੰਮੇਵਾਰੀ ਡੀਲਰਾਂ ਦੀ ਹੈ, ਜਿਸ ਵੱਲ ਧਿਆਨ ਦਿੱਤਾ ਜਾਵੇ। ਉਹਨਾਂ ਸਾਫ ਕਿਹਾ ਕਿ ਜੇਕਰ 2 ਸਾਲ ਤੋਂ ਜ਼ਿਆਦਾ ਪੁਰਾਣੇ ਵਹੀਕਲਾਂ ਦੀ ਇੰਸੋਰੇਸ਼ ਨਹੀਂ ਹੁੰਦੀ ਤਾਂ ਹੱਥ ’ਤੇ ਹੱਥ ਰੱਖਣ ਦੀ ਬਜਾਏ ਪਹਿਲਾਂ 2 ਸਾਲ ਤੱਕ ਦੇ ਵਹੀਕਲਾਂ ਦੀਆਂ ਇੰਸੋਰੇਸ਼ਾਂ ਕਰਵਾਕੇ ਬਾਕੀ ਪੇਪਰ ਅਤੇ ਆਰਸੀਆਂ ਬਣਵਾਓ। ਆਰਟੀਏ ਮੈਡਮ ਨੇ ਕਿਹਾ ਕਿ ਈ-ਰਿਕਸ਼ਾ ਵੇਚਣ ਵਾਲੇ ਸਾਰੇ ਡੀਲਰ ਅੱਜ ਤੱਕ ਵੇਚੇ ਗਏ ਸਾਰੇ ਈ-ਰਿਕਸ਼ਾ ਦੇ ਮਾਲਕਾਂ ਵਾਲੇ ਪਤੇ ਸਮੇਤ ਲਿਸਟਾਂ ਦਫਤਰ ਜਮ੍ਹਾ ਕਰਵਾਓ ਅਤੇ ਰਜਿਸਟਰਡ ਹੋਣ ਵਾਲੇ ਈ ਰਿਕਸ਼ੇ ਰਜਿਸਟਰਡ ਕਰਨ ਤੋਂ ਬਾਅਦ ਬਾਕੀ ਰਹਿੰਦੇ (ਨਾ ਰਜਿਸਟਰਡ ਹੋਣ ਵਾਲੇ) ਈ-ਰਿਕਸ਼ਾ ਦਾ ਉਚ ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਹੱਲ ਕੱਢ ਲਵਾਂਗੇ। ਇਸ ਮੌਕੇ ਤੇ ਆਰਟੀਏ ਵੱਲੋਂ ਪਾਵਰ ਪੁਆਇੰਟ ਰਾਹੀਂ ਈ ਰਿਕਸ਼ਾ ਦੀ ਰਜਿਸਟਰੇਸ਼ਨ ਕਰਵਾਉਣ ਦੀ ਪ੍ਰਕਿਰਿਆ ਨੂੰ ਵਿਸਥਾਰ ਨਾਲ ਦੱਸਿਆ ਗਿਆ। ਇਸ ਮੌਕੇ ਟਰੈਫਿਕ ਪੁਲਸ ਦੇ ਏਸੀਪੀ ਨੇ ਸਪਸ਼ਟ ਕਿਹਾ ਕਿ ਅਪਰਾਧ ਦੀ ਸ਼ੁਰੂਆਤ ਹੀ ਬਿਨ੍ਹਾਂ ਨੰਬਰ ਵਾਲੇ ਵਾਹਨਾਂ ਤੋਂ ਹੁੰਦੀ ਹੈ। ਉਹਨਾਂ ਕਿਹਾ ਇਹ ਗੱਲ ਸਾਨੂੰ ਪਤਾ ਹੈ ਕਿ ਅਪਰਾਧੀ ਵਿਅਕਤੀ ਬਿਨ੍ਹਾ ਨੰਬਰ ਵਾਲੇ ਵਾਹਨ ਵਿੱਚ/ਰਾਹੀਂ ਅਪਰਾਧ  ਕਰਦਾ ਹੈ, ਪਰ ਕਸੂਰਵਾਰ ਨਹੀਂ ਮਿਲਦਾ ਤੇ ਮਿਹਨਤ ਨਾਲ ਆਪਣਾ ਪਰਿਵਾਰ ਪਾਲਣ ਵਾਲਾ ਕੋਈ ਹੋਰ ਈ ਰਿਕਸ਼ਾ ਚਾਲਕ ਵਿਅਕਤੀ ਕਾਬੂ ਆ ਜਾਂਦਾ ਹੈ ਅਤੇ ਪਰੇਸ਼ਾਨ ਹੁੰਦਾ ਹੈ। ਇਸ ਲਈ ਵਾਰਦਾਤਾਂ ਨੂੰ ਰੋਕਣ ਲਈ ਵਾਹਨਾਂ ’ਤੇ ਸਰਕਾਰੀ ਨੰਬਰ ਪਲੇਟਾਂ ਲੱਗਣੀਆਂ ਜ਼ਰੂਰੀ ਹਨ। ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਡੇਢ ਮਹੀਨੇ ਵਿੱਚ 40 ਵਾਰਦਾਤਾਂ ਹੋਈਆਂ ਹਨ, ਜਿਨ੍ਹਾਂ ਵਿੱਚ ਕਈਆਂ ਦੀ ਪਹਿਚਾਨ ਹੀ ਨਹੀਂ ਹੋ ਰਹੀ। ਉਹਨਾ ਕਿਹਾ ਕਿ ਜੇਕਰ ਈ-ਰਿਕਸ਼ਾ ਬਿਨ੍ਹਾ ਇੰਸ਼ੋਰੈਂਸ ਦੇ ਚਲਦਾ ਹੈ ਤਾਂ ਕਿਸੇ ਵੀ ਸਮੇਂ ਹਾਦਸਾ ਹੋਣ ਦੀ ਸੂਰਤ ਵਿੱਚ ਸਵਾਰੀ ਜਾਂ ਡਰਾਈਵਰ ਦਾ ਨੁਕਸਾਨ ਹੋਣ ’ਤੇ ਹਰਜ਼ਾਨਾ ਨਹੀਂ ਮਿਲੇਗਾ, ਜਿਸ ਨਾਲ ਵਹੀਕਲ ਦੇ ਮਾਲਕ ਨੂੰ ਨੁਕਸਾਨ ਸਹਿਣਾ ਪੈ ਸਕਦਾ ਹੈ। ਇਸ ਉਪਰੰਤ ਸਮੂਹ ਹਾਜ਼ਰੀਨ ਵੱਲੋਂ ਸਹਿਮਤੀ ਦਿੰਦਿਆਂ ਪ੍ਰਸ਼ਾਸਨ  ਨੂੰ ਪੂਰੇ ਸਹਿਯੋਗ ਦਾ ਭਰੋਸਾ ਦੁਆਇਆ ਗਿਆ।