ਪੰਜਾਬ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ, ਅੰਮ੍ਰਿਤਸਰ, ਤਰਨਤਾਰਨ ਅਤੇ ਫ਼ਿਰੋਜ਼ਪੁਰ ਵਿੱਚ ਹੋਈ ਗੜੇਮਾਰੀ 

ਲੁਧਿਆਣਾ, 19 ਅਪ੍ਰੈਲ : ਪੰਜਾਬ 'ਚ ਅੱਜ ਵੱਖ-ਵੱਖ ਥਾਵਾਂ 'ਤੇ ਮੀਂਹ ਅਤੇ ਗੜ੍ਹੇ ਪੈਣ ਦੀ ਜਾਣਕਾਰੀ ਮਿਲੀ ਹੈ। ਇਸ ਮੀਂਹ ਤੇ ਗੜ੍ਹੇਮਾਰੀ ਕਾਰਨ ਖੇਤਾਂ ‘ਚ ਪੱਕੀ ਖੜ੍ਹੀ ਕਣਕ ਦੀ ਫ਼ਸਲ ਤੇ ਬਰਸੀਮ ਦਾ ਕਾਫੀ ਨੁਕਸਾਨ ਹੋਇਆ ਹੈ।ਇਹ ਵੀ ਜਾਣਕਾਰੀ ਮਿਲੀ ਹੈ ਕਿ ਇਕਦਮ ਆਏ ਮੀਂਹ ਤੇ ਹਨੇਰੀ ਕਾਰਨ ਕਿਸਾਨਾਂ ਦੀ ਮੰਡੀਆਂ 'ਚ ਲਿਆਂਦੀ ਕਣਕ ਦੀ ਫ਼ਸਲ ਭਿੱਜ ਗਈ ਹੈ। ਪੰਜਾਬ ਦੇ ਮੋਹਾਲੀ,ਪਟਿਆਲ਼ਾ,ਰੋਪੜ,ਫਤਹਿਗੜ੍ਹ ਸਾਹਿਬ,ਮੋਗਾ, ਅੰਮ੍ਰਿਤਸਰ ਅਤੇ ਜਲੰਧਰ ਆਦਿ ਜ਼ਿਲ੍ਹਿਆਂ 'ਚ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਮੀਂਹ ਤੇ ਗੜ੍ਹੇਮਾਰੀ ਵੀ ਹੋਈ ਹੈ। ਹਾਲਾਂਕਿ ਮੌਸਮ ਵਿਭਾਗ ਨੇ ਖਰਾਬ ਮੌਸਮ ਦੀ ਜਾਣਕਾਰੀ ਪਹਿਲਾਂ ਹੀ ਜਾਰੀ ਕਰ ਦਿੱਤੀ ਸੀ। ਅੱਜ ਦੁਪਹਿਰ ਤਿੰਨ ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਪਰ ਭਾਰੀ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋਇਆ ਹੈ। ਦੱਸ ਦੇਈਏ ਕਿ ਇਸ ਸਮੇਂ ਕਣਕ ਦੀ ਫਸਲ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੈ। ਕਣਕ ਦੀ ਵਾਢੀ ਦਾ ਕੰਮ ਵੀ ਚੱਲ ਰਿਹਾ ਹੈ, ਅਜਿਹੇ ‘ਚ ਗੜੇਮਾਰੀ ਕਾਰਨ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ, ਜਿਨ੍ਹਾਂ ਕਿਸਾਨਾਂ ਦੀ ਫਸਲ ਦੀ ਕਟਾਈ ਹੋਣੀ ਹੈ। ਗੜੇਮਾਰੀ ਕਾਰਨ ਕਣਕ ਦਾ ਦਾਣਾ ਜ਼ਮੀਨ ‘ਤੇ ਡਿੱਗ ਗਿਆ, ਅਜਿਹੇ ‘ਚ ਜੇਕਰ ਆਉਣ ਵਾਲੇ ਸਮੇਂ ‘ਚ ਹੋਰ ਮੀਂਹ ਅਤੇ ਗੜੇਮਾਰੀ ਹੁੰਦੀ ਹੈ ਤਾਂ ਕਿਸਾਨਾਂ ਦਾ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਹੈ। ਮੌਸਮ ਮਾਹਿਰਾਂ ਅਨੁਸਾਰ ਇਹ ਗੜੇਮਾਰੀ ਬਹੁਤੀ ਨੁਕਸਾਨਦੇਹ ਨਹੀਂ ਹੈ ਪਰ ਜਿਸ ਤਰ੍ਹਾਂ ਪੱਛਮੀ ਗੜਬੜੀ ਸਰਗਰਮ ਹੈ, ਉਹ ਫ਼ਸਲਾਂ ਲਈ ਲਾਹੇਵੰਦ ਨਹੀਂ ਹੈ। ਸਾਰੇ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪਟਿਆਲਾ ਵਿਚ ਤੂਫਾਨ ਆਉਣ ਦੀ ਸੰਭਾਵਨਾ ਹੈ। ਲੁਧਿਆਣਾ ਵਿਚ ਬੱਦਲਵਾਈ ਰਹੇਗੀ। 20 ਅਪ੍ਰੈਲ ਨੂੰ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਅੰਮ੍ਰਿਤਸਰ, ਕਪੂਰਥਲਾ, ਲੁਧਿਆਣਾ, ਐੱਸਬੀਐੱਸ ਨਗਰ, ਰੂਪਨਗਰ, ਪਟਿਆਲਾ ਤੇ ਸੰਗਰੂਰ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਜਦੋਂ ਕਿ ਪੱਛਮੀ ਮਾਲਵੇ ਵਿਚ 20 ਅਪ੍ਰੈਲ ਨੂੰ ਮੌਸਮ ਸਾਫ ਰਹੇਗਾ। ਤਾਪਮਾਨ ਵਿਚ 1 ਡਿਗਰੀ ਗਿਰਾਵਟ ਆਏਗੀ।