ਸਿਹਤ ਵਿਭਾਗ ਨੇ ਡੇਂਗੂ ਤੇ ਮਲੇਰੀਆ ਦੇ ਮੱਛਰਾਂ ਦੇ ਲਾਰਵੇ ਨੂੰ ਖਤਮ ਕਰਨ ਲਈ ਛੱਪੜਾਂ "ਚ ਛੱਡੀਆਂ ਗੰਬੂਜੀਆ ਮੱਛੀਆਂ

ਫ਼ਤਹਿਗੜ ਸਾਹਿਬ, 11 ਮਈ : ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ: ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੇਂਗੂ ਅਤੇ ਮਲੇਰੀਆ ਫੈਲ਼ਾਉਣ ਵਾਲੇ ਮੱਛਰਾਂ ਦੇ ਲਾਰਵਾ ਨੂੰ ਖਤਮ ਕਰਨ ਲਈ ਛੱਪੜਾਂ ਵਿਚ ਗੰਬੂਜੀਆ ਮੱਛੀਆਂ ਛੱਡਣ ਲਈ ਮੁਹਿੰਮ ਸ਼ੁਰੂ ਕੀਤੀ ਗਈ । ਜਿਸ ਤਹਿਤ ਜ਼ਿਲ੍ਹੇ ਦੇ ਪਿੰਡਾਂ ਦੇ ਛੱਪੜਾ ਵਿੱਚ ਗੰਬੂਜੀਆ ਮੱਛੀਆਂ ਛੱਡੀਆ ਜਾ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਪੀ ਐਚ ਸੀ ਨੰਦਪੁਰ ਕਲੌੜ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ  ਆਉਣ ਵਾਲੇ ਸਮੇਂ ਵਿਚ ਮਲੇਰੀਏ ਅਤੇ ਡੇਂਗੂ ਦੇ ਸੀਜਨ ਨੂੰ ਮੁੱਖ ਰਖਦੇ ਹੋਏ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਪੀ ਐਚ ਸੀ ਨੰਦਪੁਰ ਕਲੌੜ ਬਲਾਕ ਦੇ ਸਾਰੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਪੈਂਦੇ ਛੱਪੜਾ ਵਿਚ ਗੰਬੂਜੀਆਂ ਮੱਛੀਆਂ ਛੱਡੀਆ ਜਾਣਗੀਆਂ, ਜੋ ਕਿ ਪਹਿਲਾ ਵੀ ਸਿਹਤ ਮਹਿਕਮੇ ਵੱਲੋ ਪਾਈਆਂ ਜਾਂਦੀਆ ਹਨ। ਉਹਨਾਂ ਕਿਹਾ ਕਿ ਲਗਭਗ ਅਜਿਹੇ ਛੋਟੇ ਵੱਡੇ ਛੱਪੜਾ ਦੀ ਸੂਚੀ ਤਿਆਰ ਕੀਤੀ ਗਈ ਹੈ ਜਿਹਨਾਂ ਵਿਚ ਮੁੜ ਤੋਂ ਇਹ ਮੱਛੀਆਂ ਛੱਡੀਆਂ ਜਾ ਰਹੀਆਂ ਹਨ। ਡਾ: ਭੁਪਿੰਦਰ ਸਿੰਘ ਨੇ ਦੱਸਿਆ ਕਿ ਮੁਹਿੰਮ ਦੀ ਸ਼ੁਰੂਆਤ ਵਿੱਚ ਪਿੰਡ ਨੰਦਪੁਰ,ਮਾਰਵਾ,ਭੰਗੂਆ ਅਤੇ ਕੋਟਲਾ ਦੇ ਛੱਪੜਾ ਵਿੱਚ ਗੰਭੁਜੀਆ ਮੱਛੀਆ ਛੱਡੀਆ ਗਈਆਂ। ਉਹਨਾਂ ਦੱਸਿਆ ਕਿ ਸਮੂਹ ਸਿਹਤ ਕੇਂਦਰਾਂ ਦੇ ਹੈਲਥ ਵਰਕਰਾਂ ਨੂੰ ਉਨ੍ਹਾਂ ਦੇ ਅਧੀਨ ਆਉਂਦੇ ਏਰੀਏ ਦੇ ਸਾਰੇ ਛੱਪੜਾ ਵਿੱਚ ਇਹ ਮੱਛੀ ਛਡਵਾਉਣ ਲਈ ਕਿਹਾ ਗਿਆ ਹੈ।ਉਹਨਾਂ ਦੱਸਿਆ ਕਿ ਪੀ ਐਚ ਸੀ ਨੰਦਪੁਰ ਕਲੌੜ ਵਿਖੇ ਪੁੰਗ ਤੋ ਗੰਬੂਜੀਆਂ ਮੱਛੀ ਤਿਆਰ ਕਰਨ ਸਬੰਧੀ ਹੈਚਰੀ ਬਣੀ ਹੋਈ ਹੈ ਜਿਥੇ ਇਹਨਾਂ ਗੰਬੂਜੀਆ ਮੱਛੀਆਂ ਦੀ ਪੈਦਾਇਸ਼ ਨੂੰ ਵਧਾਇਆ ਜਾਂਦਾ ਹੈ ਅਤੇ ਇਹਨਾਂ ਮੱਛੀਆਂ ਨੂੰ ਟੋਭੇ,ਤਲਾਬਾ ਵਿਚ ਛੱਡਿਆ ਜਾਂਦਾ ਹੈ। ਇਸ ਮੌਕੇ ਏ.ਐਸ.ਆਈ. ਰਜਿੰਦਰ ਸਿੰਘ, ਹੈਲਥ ਵਰਕਰ ਪਰਦੀਪ ਸਿੰਘ,ਸੁਖਵਿੰਦਰ ਸਿੰਘ ਅਤੇ ਬਲਾਕ ਐਜ਼ੂਕੇਟਰ ਹੇਮੰਤ ਕੁਮਾਰ ਨੇਂ ਪਿੰਡ ਭੰਗੂਆ ਦੇ ਐਲੀਮੈਂਟਰੀ ਸਕੂਲ ਦੇ ਬੱਚਿਆ ਨੂੰ ਮਾਸਟਰ ਪਰਮਜੀਤ ਸਿੰਘ ਦੀ ਹਾਜਰੀ ਵਿੱਚ ਗੰਬੂਜੀਆਂ ਮੱਛੀਆ ਦੀ ਜਾਣਕਾਰੀ ਦਿੰਦਆ ਕਿਹਾ ਕਿ ਇਕ ਛੋਟੀ ਜਿਹੀ ਮੱਛੀ ਹੈ ਜੋ ਕਿ ਮੱਛਰਾ ਦੇ ਲਾਰਵੇ ਨੂੰ ਖਾਂਦੀ ਹੈ, ਇਹ ਪੁੰਗ ਤੋ ਛੇ ਮਹੀਨੇ ਵਿਚ ਮੱਛਲੀ ਬਣ ਕੇ ਤਿਆਰ ਹੋ ਕੇ ਲਾਰਵੇ ਨੂੰ ਖਾਣ ਦੇ ਯੋਗ ਹੋ ਜਾਂਦੀ ਹੈ। ਇਸ ਮੱਛਲੀ ਦਾ ਅਕਾਰ ਪੰਜ ਤੋ ਸੱਤ ਸੈਂਟੀ ਮੀਟਰ ਹੁੰਦਾ ਹੈ ਅਤੇ ਇਕ ਪੂਰੀ ਤਿਆਰ ਮੱਛਲੀ ਇਕ ਦਿਨ ਵਿਚ 100 ਤੋ 300 ਤੱਕ ਮੱਛਰਾ ਦਾ ਲਾਰਵਾ ਖਾ ਜਾਂਦੀ ਹੈ। ਇੱਕ ਮਾਦਾ ਮੱਛੀ ਆਪਣੀ ਪੂਰੀ ਜਿੰਦਗੀ ਵਿਚ 900 ਤੋ 1200 ਤੱਕ ਬੱਚੇ ਪੈਦਾ ਕਰ ਸਕਦੀ ਹੈ। ਉਹਨਾਂ ਕਿਹਾ ਕਿ ਇਹਨਾਂ ਛੱਪੜਾ ਵਿੱਚੋ ਪਸ਼ੁ ਪੰਛੀ ਵੀ ਪਾਣੀ ਪੀਂਦੇ ਹਨ। ਇਸ ਲਈ ਮੱਛਰਾਂ ਦੇ ਖਾਤਮੇ ਲਈ ਇਹ ਇੱਕ ਵਾਤਾਵਰਣ ਅਨੁਕੂਲ ਤਰੀਕਾ ਹੈ ਅਤੇ ਕਿਸੇ ਪ੍ਰਕਾਰ ਦੀ ਕੈਮੀਕਲ ਜਾਂ ਇਨਸੈਕਟੀਸਾਇਡ ਦਵਾਈ ਦੀ ਲੋੜ ਨਹੀ ਪੈਂਦੀ। ਇਸ ਮੋਕੇ ਤੇ ਹੈਲਥ ਵਰਕਰ ਨੰਦਪੁਰ ਪਰਦੀਪ ਸਿੰਘ, ਹੈਲਥ ਵਰਕਰ ਕਲੋੜ ਸੁਖਵਿੰਦਰ ਸਿੰਘ , ਬਲਾਕ ਐਜ਼ੂਕੇਟਰ ਹੇਮੰਤ ਕੁਮਾਰ,ਅਮਿਤ ਜਿੰਦਲ,ਬਲਜਿੰਦਰ ਸਿੰਘ ਅਤੇ ਆਸ਼ਾ ਵਰਕਰ ਹਾਜਰ ਸੀ।