ਹਰਿਆਣਾ ਸਰਕਾਰ ਵੱਲੋਂ ਗੁਰਦੁਆਰਾ ਸਾਹਿਬਾਨ ਤੇ ਜਬਰੀ ਕਰਵਾਏ ਜਾ ਰਹੇ ਕਬਜ਼ਿਆਂ ਨੇ ਸਿੱਖ ਹਿਰਦਿਆਂ ਨੂੰ ਪਹੁੰਚਾਈ ਠੇਸ : ਪ੍ਰੋ. ਬਡੂੰਗਰ 

ਪਟਿਆਲਾ, 20 ਫ਼ਰਵਰੀ : ਕੁਰੂਕਸ਼ੇਤਰ ਦੇ ਗੁਰਦੁਆਰਾ ਸ੍ਰੀ ਪਾਤਸ਼ਾਹੀ ਛੇਵੀਂ ਵਿਖੇ ਗੁਰੂ ਘਰਾਂ ਵਿਚ ਜਬਰੀ ਤਾਲੇ ਲਗਵਾਉਣ ਅਤੇ ਬਲਜੀਤ ਸਿੰਘ ਦਾਦੂਵਾਲ ਦੇ ਬਾਡੀ-ਗਾਰਡਾਂ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਕੀਤੀ ਗਈ ਧੱਕੇਮੁੱਕੀ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਗੁਰੂ ਘਰ ਸਾਰੇ ਧਰਮਾਂ ਦੇ ਸਾਂਝੇ ਹੁੰਦੇ ਹਨ ਤੇ ਗੁਰੂ ਘਰਾਂ ਵਿੱਚ ਅਜਿਹੀ ਹੁੱਲੜਬਾਜੀ ਕਰਨ ਕਿਸੇ ਵੀ ਹਾਲਤ ਵਿਚ ਸ਼ੋਭਾ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਕੁਰੂਕਸ਼ੇਤਰ ਦੇ ਗੁਰਦੁਆਰਾ ਸਾਹਿਬ ਵਿਚ ਬਲਜੀਤ ਸਿੰਘ ਦਾਦੂਵਾਲ਼ ਦੇ ਬਾਡੀਗਾਰਡਾਂ ਵੱਲੋਂ ਕੀਤੇ ਗਏ ਹਮਲੇ ਨਾਲ ਸਿੱਖ ਹਿਰਦਿਆਂ ਨੂੰ ਕਾਫੀ ਠੇਸ ਪੁੱਜੀ ਹੈ। ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਪਹਿਲਾਂ ਬੀ ਜੇ ਪੀ ਸਰਕਾਰ ਵੱਲੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਟੁਕੜੇ ਕੀਤੇ ਗਏ ਤੇ ਹੁਣ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਲਿਆ ਕੇ ਧੱਕੇ ਨਾਲ ਪੁਲਿਸ ਦੇ ਜ਼ੋਰ ਤੇ ਗੁਰਦੁਆਰਾ ਸਾਹਿਬਾਨ ਦੇ ਤਾਲੇ ਤੋੜੇ ਜਾ ਰਹੇ ਹਨ ਤੇ ਕਬਜ਼ੇ ਕੀਤੇ ਜਾ ਰਹੇ ਹਨ । ਉਨ੍ਹਾਂ ਅਫਸੋਸ ਪ੍ਰਗਟ ਕਰਦਿਆ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣੇ ਹੋਏ ਮੈਂਬਰਾਂ ਤੇ ਬਲਜੀਤ ਸਿੰਘ ਦਾਦੂਵਾਲ ਦੇ ਬਾਡੀਗਾਰਡਾਂ ਵੱਲੋਂ ਧੱਕੇ ਮਾਰ-ਮਾਰ ਕੇ ਗੁਰਦੁਆਰਾ ਸਾਹਿਬਾਨ ਵਿਚੋਂ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸੰਗਤਾਂ ਦੀ ਪ੍ਰਾਪਟੀ ਹੈ, ਕਿਸੇ ਵਿਸ਼ੇਸ਼ ਵਿਅਕਤੀ ਦੀ ਨਹੀਂ ਜਿੱਥੇ ਅਜਿਹੀਆਂ ਘਿਨਾਉਣੀਆਂ ਹਰਕਤਾਂ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਇਹ ਗੁਰੂ ਦਾ ਘਰ ਹੈ ਜਿਥੇ ਹਿੰਦੂ, ਸਿੱਖ, ਮੁਸਲਮਾਨ, ਈਸਾਈ ਸਾਰੇ ਸ਼ਰਧਾਪੂਰਵਕ ਨਤਮਸਤਕ ਹੋਣ ਲਈ ਬੇਰੋਕ ਟੋਕ ਆਉਂਦੇ ਹਨ।  ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਵਾਦ ਹੈ ਤਾਂ ਮਿਲ ਬੈਠ ਕੇ ਨਜਿੱਠਣਾ ਚਾਹੀਦਾ ਹੈ । ਪ੍ਰੋਫੈਸਰ ਬਡੂੰਗਰ ਨੇ ਹਰਿਆਣਾ ਸਰਕਾਰ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਉਸ ਨੂੰ ਸੋਚ-ਸਮਝ ਕੇ ਅਜਿਹੇ ਕਦਮ ਚੁੱਕਣੇ ਚਾਹੀਦੇ ਹਨ । ਉਨ੍ਹਾਂ ਕਿਹਾ ਕਿ ਪੰਜਾਬ ਦਾ ਸਾਂਝਾ ਭਾਈਚਾਰਾ, ਸੱਭਿਆਚਾਰ, ਇਤਿਹਾਸ, ਸਿਧਾਂਤ ਜੀਵਨ ਜੁਗਤਿ ਨੂੰ ਤੋੜ ਮਰੋੜ ਕੇ ਭੰਗ ਨਾ ਕੀਤਾ ਜਾਵੇ। ਉਹਨਾਂ ਕਿਹਾ ਕਿ ਸਰਕਾਰ ਇਕੱਲੇ ਨਾ ਹਿੰਦੂਆ, ਨਾ ਸਿੱਖਾਂ ਤੇ ਹੀ ਮੁਸਲਮਾਨਾਂ ਨੇ ਬਣਾਈ ਵੋਟਾਂ ਸਾਰਿਆਂ ਵੱਲੋਂ ਸਾਂਝੇ ਤੌਰ ਤੇ ਪਾ ਕੇ ਸਰਕਾਰ ਬਣਾਈ ਗਈ ਹੈ। ਉਨ੍ਹਾਂ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਆਪਣੀ ਜੁੰਮੇਵਾਰੀ ਸਮਝਣ ਦੀ  ਲੋੜ  ਹੈ,ਕਿਉਕਿ ਮਨੋਹਰ ਲਾਲ ਖੱਟੜ ਪੂਰੇ ਹਰਿਆਣਾ ਸੂਬੇ ਦੇ ਮੁੱਖ ਮੰਤਰੀ ਹਨ ਨਾਂ ਕਿ ਕਿਸੇ ਇੱਕ ਤਬਕੇ ਦੇ , ਜਿਸ ਕਰਕੇ ਉਨ੍ਹਾਂ ਨੂੰ ਆਪਣੀ ਜਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਹੈ।