ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜੇ ਵਿੱਚ ਹਰਮਨਦੀਪ ਕੌਰ ਨੇ ਕੀਤਾ ਤੀਜਾ ਸਥਾਨ ਹਾਸਲ

  • ਆਈਪੀਐਸ ਅਫ਼ਸਰ ਬਣ ਕੇ ਪੰਜਾਬ ਦੀ ਸੇਵਾ ਕਰਨਾ ਚਾਹੁੰਦੀ ਹੈ ਹਰਮਨਦੀਪ ਕੌਰ।

ਮਾਨਸਾ, 26 ਮਈ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜੇ ਵਿੱਚ ਮਾਨਸਾ ਦੇ ਪਿੰਡ ਮੰਢਾਲੀ ਦੇ ਸਰਕਾਰੀ ਹਾਈ ਸਕੂਲ ਦੀ ਵਿਦਿਆਰਥਣ ਹਰਮਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਜਿਸ ਨਾਲ ਪਰਿਵਾਰ ਅਤੇ ਇਲਾਕਾ ਨਿਵਾਸੀਆਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ, ਉੱਥੇ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਪਿੰਡ ਪਹੁੰਚ ਕੇ ਵਿਦਿਆਰਥਣ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਜਦੋਂ ਕਿ ਹਰਮਨਦੀਪ ਕੌਰ ਨੇ ਕਿਹਾ ਕਿ ਉਹ ਆਈਪੀਐਸ ਅਫ਼ਸਰ ਬਣ ਕੇ ਪੰਜਾਬ ਦੀ ਸੇਵਾ ਕਰਨਾ ਚਾਹੁੰਦੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਦਸਵੀਂ ਜ਼ਮਾਤ ਦੇ ਨਤੀਜੇ ’ਚ ਮਾਨਸਾ ਜ਼ਿਲ੍ਹੇ ਦੇ ਪਿੰਡ ਮੰਢਾਲੀ ਦੇ ਸਰਕਾਰੀ ਹਾਈ ਸਕੂਲ ਦੀ ਵਿਦਿਆਰਥਣ ਹਰਮਨਦੀਪ ਕੌਰ ਪੁੱਤਰੀ ਸੁਖਵਿੰਦਰ ਸਿੰਘ ਨੇ 650 ’ਚੋਂ 646 ਅੰਕ ਹਾਸਿਲ ਕਰਕੇ ਤੀਜਾ ਸਥਾਨ ਹਾਸਿਲ ਕੀਤਾ ਹੈ। ਵਿਦਿਆਰਥਣ ਹਰਮਨਦੀਪ ਕੌਰ ਨੇ ਕਿਹਾ ਕਿ ਤੀਸਰਾ ਸਥਾਨ ਹਾਸਲ ਕਰਕੇ ਉਸਨੂੰ ਬਹੁਤ ਖੁਸ਼ੀ ਹੋਈ ਹੈ ਅਤੇ ਇਸ ਪ੍ਰਾਪਤੀ ਵਿੱਚ ਉਸਨੂੰ ਆਪਣੇ ਮਾਤਾ-ਪਿਤਾ ਅਤੇ ਅਧਿਆਪਕਾਂ ਦਾ ਪੂਰਾ ਸਾਥ ਮਿਲਿਆ ਹੈ। ਉਸਨੇ ਦੱਸਿਆ ਕਿ ਉਹ ਆਈਪੀਐਸ ਅਫਸਰ ਬਣ ਕੇ ਪੰਜਾਬ ਦੀ ਸੇਵਾ ਕਰਨਾ ਚਾਹੁੰਦੀ ਹੈ। ਵਿਦਿਆਰਥਣ ਹਰਮਨਦੀਪ ਕੌਰ ਦੇ ਸਕੂਲ ਵਿੱਚ ਵਿਦਿਆਰਥਣ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦੇਣ ਪਹੁੰਚੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਇਹ ਬੱਚੀ ਬਹੁਤ ਘੱਟ ਅੰਕਾਂ ਨਾਲ ਟਾਪ ਕਰਨ ਤੋਂ ਰਹਿ ਗਈ ਹੈ ਕਿਉਂਕਿ ਇਸਦੇ 650 ਵਿੱਚੋਂ 646 ਅੰਕ ਹਨ ਜਦਕਿ ਪਹਿਲਾ ਸਥਾਨ ਹਾਸਲ ਕਰਨ ਵਾਲੀ ਲੜਕੀ ਦੇ 650 ਵਿੱਚੋਂ 650 ਅੰਕ ਹਨ। ਉਹਨਾਂ ਇਸ ਪ੍ਰਾਪਤੀ ਲਈ ਹਰਮਨਦੀਪ ਕੌਰ, ਉਸਦੇ ਮਾਪਿਆਂ, ਸਕੂਲ ਪ੍ਰਿੰਸੀਪਲ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ। ਸਰਕਾਰੀ ਹਾਈ ਸਕੂਲ ਮੰਢਾਲੀ ਦੇ ਪ੍ਰਿੰਸੀਪਲ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਬੱਚੀ ਵੱਲੋਂ ਕੀਤੀ ਜਾ ਰਹੀ ਮਿਹਨਤ ਅਤੇ ਸਟਾਫ ਦੀ ਮਿਹਨਤ ਦਾ ਅੱਜ ਸਾਨੂੰ ਫਲ ਮਿਲਿਆ ਹੈ ਕਿ ਇਸ ਬੱਚੀ ਨੇ ਪੰਜਾਬ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ ਹੈ। ਉਹਨਾਂ ਕਿਹਾ ਕਿ ਸਾਨੂੰ ਉਮੀਦ ਸੀ ਕਿ ਇਹ ਬੱਚੀ ਟਾਪ ਕਰੇਗੀ, ਪਰ ਕੁਝ ਕਾਰਨਾਂ ਕਰਕੇ ਇਹ ਤੀਸਰੇ ਸਥਾਨ ਤੇ ਰਹੀ ਹੈ।