ਆਪ ਸਰਕਾਰ ਵਲੋਂ ਮਿਹਨਤੀ ਅਤੇ ਇਮਾਨਦਾਰ ਨੌਜਵਾਨਾਂ ਨੂੰ ਵੱਡੀਆਂ ਜਿਮੇਂਵਾਰੀਆ ਦੇ ਕੇ ਅੱਗੇ ਲਿਆਂਦਾ ਜਾ ਰਿਹਾ : ਮੀਤ ਹੇਅਰ

ਪਟਿਆਲਾ : ਪੰਜਾਬ ਦੇ ਖੇਡਾਂ ਅਤੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਦਫ਼ਤਰ ਪੁੱਜਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਨਵ ਨਿਯੁਕਤ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੂੰ ਵਧਾਈ ਦਿੱਤੀ ਅਤੇ ਆਉਣ ਵਾਲੇ ਸੁਨਿਹਰੀ ਭਵਿੱਖ ਲਈ ਸ਼ੁੱਭ ਇੱਛਾਵਾਂ ਦਿੱਤੀਆ। ਇਸ ਮੌਕੇ ਉਨ੍ਹਾਂ ਨਾਲ ਪਟਿਆਲਾ ਸਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਮਿਹਨਤੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਵੱਡੀਆਂ ਜਿਮੇਂਵਾਰੀਆ ਦੇ ਕੇ ਅੱਗੇ ਲਿਆਂਦਾ ਜਾ ਰਿਹਾ ਹੈ ਤਾਂ ਜੋ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਟੀਮ ਵਿੱਚ ਸ਼ਾਮਿਲ ਕੀਤਾ ਜਾ ਸਕੇ, ਜਿਸ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਵਲੋਂ ਜੱਸੀ ਸੋਹੀਆਂ ਵਾਲਾ ਨੂੰ ਚੇਅਰਮੈਨ ਦੀ ਜਿਮੇਂਵਾਰੀ ਸੌਂਪੀ ਗਈ ਹੈ। ਕੈਬਨਿਟ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਉਤਸਾਹਿਤ ਕਰਨ ਅਤੇ ਉਨਾਂ ਨੂੰ ਨਸ਼ਿਆ ਤੋਂ ਦੂਰ ਰੱਖਣ ਲਈ ਜੋ ਖੇਡਾਂ ਵਤਨ ਪੰਜਾਬ ਦੀਆਂ ਸੁਰੂ ਕੀਤੀਆ ਗਈਆਂ ਹਨ ਉਸ ਰਾਹੀਂ ਨੌਜਵਾਨ ਵਰਗ ਵਿੱਚ ਖੇਡਾਂ ਲਈ ਉਤਸ਼ਾਹ ਪੈਦਾ ਹੋਇਆ ਹੈ ਅਤੇ ਇਨਾਂ ਖੇਡਾਂ ਵਿੱਚ ਲੱਖਾਂ ਹੀ ਬੱਚਿਆ ਨੇ ਭਾਗ ਲੈ ਕੇ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨਵੰਬਰ ਮਹੀਨਾ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੋਵੇਗਾ ਜਿਸ ਰਾਹੀ ਮਹੀਨਾ ਭਰ ਵੱਖ-2 ਸ਼ਹਿਰਾਂ ਵਿੱਚ ਪੰਜਾਬੀ ਮਾਂ ਬੋਲੀ 'ਤੇ ਸਮਾਗਮ ਕਰਵਾਏ ਜਾਣਗੇ। ਇਸ ਮੌਕੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਤੇ ਜ਼ਿਲ੍ਹਾ ਉੱਪ ਅਰਥ ਤੇ ਅੰਕੜਾ ਸਲਾਹਕਾਰ ਪ੍ਰੇਮ ਕੁਮਾਰ ਦੀ ਅਗਵਾਈ ਹੇਠ ਸਮੁੱਚੇ ਸਟਾਫ ਵਲੋਂ ਮੰਤਰੀ ਮੀਤ ਹੇਅਰ ਦਾ ਸਵਾਗਤ ਕੀਤਾ ਗਿਆ।