ਗੁਰਦਵਾਰਾ ਸਾਹਿਬ ਦੀ ਪਵਿੱਤਰ ਹਦੂਦ ਵਿੱਚ ਖਰੂਦ ਕੀਤਾ ਅਤੇ ਖੜਦੁੰਬ ਮਚਾਇਆ, ਉਸ ਨਾਲ ਵੀ ਮਰਿਆਦਾ ਭੰਗ ਹੋਈ ਹੈ : ਬੀਰ ਦਵਿੰਦਰ ਸਿੰਘ

 

ਪਟਿਅਲਾ : ਪਿਛਲੇ ਦਿਨੀਂ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ, ਜਲੰਧਰ ਵਿਖੇ 'ਵਾਰਿਸ ਪੰਜਾਬ' ਜਥੇਬੰਦੀ ਦੀ ਜਲੰਧਰ ਪੁੱਜੇ ਖਾਲਸਾ ਵਹੀਰ 'ਚ ਸ਼ਾਮਿਲ ਨੌਜਵਾਨਾ ਨੇ ਜੋ ਗੁਰਦਵਾਰਾ ਸਾਹਿਬ ਦੀ ਪਵਿੱਤਰ ਹਦੂਦ ਵਿੱਚ ਖਰੂਦ ਕੀਤਾ ਅਤੇ ਖੜਦੁੰਬ ਮਚਾਇਆ ਹੈ ਅਤੇ ਗੁਰਦਵਾਰਾ ਸਾਹਿਬ ਅੰਦਰ ਬਜ਼ੁਰਗਾਂ ਤੇ ਬਿਮਾਰਾਂ ਲਈ ਨੀਵੇਂ ਥਾਂ ਤੇ ਰੱਖੇ ਗਏ ਬੈਂਚਾਂ ਤੇ ਕਰਸੀਆਂ ਨੂੰ ਚੁੱਕ ਕੇ ਅੱਗਾਂ ਲਗਾਈਆਂ ਗਈਆਂ ਹਨ , ਇਸ ਹਿੰਸਕ ਵਰਤਾਰੇ ਕਾਰਨ ਗੁਰਦਵਾਰਾ ਸਾਹਿਬ ਦੀ ਪਵਿੱਤਰਤਾ ਤੇ ਮਰਿਆਦਾ  ਭੰਗ ਹੋਈ ਹੈ। ਇਹ ਗੁਰਦਵਾਰਾ ਸਾਹਿਬ ਅੰਦਰ ਨੀਵੇਂ ਥਾਂ ਉੱਤੇ ਕੁਰਸੀਆਂ ਜਾਂ ਬੈਂਚਾ ਉੱਤੇ, ਕਿਸੇ ਸ਼ਰੀਰਕ ਰੋਗ ਜਾਂ ਮਜਬੂਰੀ ਵੱਸ ਬੈਠ ਕੇ ਪਾਠ ਜਾਂ ਕਥਾ ਕੀਰਤਨ ਸਰਵਣ ਕਰਨ ਨਾਲੋਂ, ਕਿੳੇ ਵੱਡੀ ਸੰਗੀਨ ਤੇ ਗ਼ੈਰ-ਮਰਿਆਦਤ ਘਟਨਾ ਹੈ, ਜਿਸਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਨ ਤੋਂ ਬਿਨਾਂ, ਸਮੁੱਚੀ ਸਿੱਖ ਕੌੰਮ ਨੂੰ, ਇਸ ਆਪਹੁਦਰੇਪਣ ਦਾ ਸਖਤ ਨੋਟਿਸ ਲੈਣਾ ਚਾਹੀਦਾ ਹੈ। ਸਿੱਖ ਧਰਮ ਦੀਆਂ ਰਵਾਇਤਾਂ ਵਿੱਚ ਬੱਚਿਆਂ, ਬਜ਼ੁਰਗਾਂ ਤੇ ਬਿਮਾਰਾਂ ਪ੍ਰਤੀ ਕਿਸੇ ਵੀ ਕਿਸਮ ਦੀ ਕਠੋਰਤਾ ਦਿਖਾਉਣ ਦੀ ਕੋਈ ਵਿਵਸਥਾ ਨਹੀਂ ।ਕਿਸੇ ਵੀ ਗੁਰਦਵਾਰਾ ਸਾਹਿਬਾਨ ਦੀ ਜੇ ਸੰਗਤੀ ਮਰਿਆਦਾ ਪ੍ਰਤੀ ਕੋਈ ਸ਼ੰਕਾ, ਵਿਵਾਦ ਜਾਂ ਇਤਰਾਜ਼ ਹੈ ਉਹ ਗੱਲਬਾਤ ਅਤੇ ਪਰਸਪਰ ਸੰਵਾਦ ਦੇ ਜ਼ਰੀਏ ਨਜਿੱਠਿਆ ਜਾ ਸਕਦਾ ਹੈ, ਪਰ ਗੁਰਦਵਾਰਾ ਸਾਹਿਬ ਦੀ ਹਦੂਦ ਅੰਦਰ, ਹਥਿਆਰਬੰਦ ਧਾੜਵੀਆਂ ਦੀ ਤਰ੍ਹਾਂ ਦਾਖਲ ਹੋ ਕੇ ਖੜਦੁੰਬ ਮਚਾਉਣਾਂ ਅਤੇ ਗੁਰਦਵਾਰਾ ਸਾਹਿਬ ਦੀ ਸਮਗਰੀ ( ਕੁਰਸੀਆਂ, ਮੇਜ਼ ਤੇ ਬੈਂਚ ਆਦਿ ) ਦੀ ਭੰਨ-ਤੋੜ ਕਰਕੇ ਅੱਗਾਂ ਲਾਉਣਾਂ, ਇਹ ਕਿਧਰ ਦੀ ਬਹਾਦਰੀ ਜਾਂ ਸਿਆਣਪ ਹੈ? ਸਿੱਖ ਧਰਮ ਦੀ 'ਸੰਗਤੀ ਮਰਿਆਦਾ' ਏਨੀਂ ਵੀ ਕਠੋਰ ਨਹੀਂ ਕਿ ਕਿਸੇ ਸਮੇਂ, ਵਕਤ ਦੀ ਲੋੜ, ਰੋਗੀ ਦੀ ਬਿਮਾਰੀ ਤੇ ਸ਼ਰੀਰਕ ਅੰਗਾਂ ਦੀ ਜਿਸਮਾਨੀ ਮਜਬੂਰੀ ਨੂੰ ਵੇਖਦਿਆਂ, ਇਸ ਤੇ ਪੁਨਰ ਵਿਚਾਰ ਨਹੀਂ ਹੋ ਸਕਦਾ।ਇਹ ਠੀਕ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਹਜ਼ੂਰੀ ਵਿੱਚ, ਸੰਗਤੀ ਅਦਬ ਦੀ ਦ੍ਰਿਸ਼ਟੀ ਵਿੱਚ, ਜ਼ਮੀਨ ਤੇ ਚੌਂਕੜਾ ਮਾਰ ਕੇ ਬੈਠਣਾ ਹੀ ਬਣਦਾ ਹੈ, ਪਰ ਜੇ ਕੋਈ ਬਜ਼ੁਰਗ ਜਾਂ ਬਿਮਾਰ ਵਿਅਕਤੀ ਜਾਂ ਗਰਭਵਤੀ ਮਹਿਲਾ, ਜ਼ਮੀਨ ਤੇ ਚੌਂਕੜਾ ਮਾਰ ਕੇ ਬੈਠਣ ਤੋਂ ਅਸਮਰੱਥ ਹੈ ਤਾਂ ਉਸਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੁਰਬਾਣੀ ਸਰਵਣ ਕਰਨ ਜਾਂ ਬੰਦਗੀ ਵਿੱਚ ਜੁੜਨ ਤੋਂ ਵਾਂਝਿਆਂ ਵੀ ਨਹੀਂ ਰੱਖਿਆ ਜਾ ਸਕਦਾ ? ਇਸ ਮੁਸ਼ਕਿਲ ਨੂੰ ਹਾਲਾਤ ਅਨੁਸਾਰ ਸੁਲਝਾਉਂਣ,  ਸਿਆਣਪ ਤੇ ਸੰਜੀਦਗੀ ਨਾਲ ਲੁੜੀਂਦੀ ਵਿਵਸਥਾ ਕਰਨਾ ਵੀ ਸਿੱਖ ਕੌਮ, ਗੁਰਦਵਾਰਾ ਸਾਹਿਬ ਦੇ ਸਥਾਨਕ ਪ੍ਰਬੰਧ ਦੀ ਜ਼ਿੰਮੇਵਾਰੀ ਹੈ। ਛੇਵੀਂ ਪਾਤਸ਼ਾਹੀ ਗੁਰੂ ਹਰ ਗੋਬਿੰਦ ਸਾਹਿਬ ਜੀ ਨੇ,  ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਇਸੇ ਮਨਸ਼ੇ ਨਾਲ ਕੀਤੀ ਸੀ । ਇਸ ਗੰਭੀਰ ਮਾਮਲੇ ਉੱਤੇ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ, ਸ੍ਰੀ ਅਕਾਲ ਤਖਤ ਸਾਹਿਬ ਦੀ ਰਾਹਬਰੀ ਲੈ ਲੈਣੀ ਚਾਹੀਦੀ ਹੈ।ਸਿੱਖ ਕੌਮ ਤਾਂ ਪਹਿਲਾਂ ਹੀ ਬਥੇਰੀ ਖੇਰੂੰ-ਖੇਰੂੰ ਹੋ ਚੁੱਕੀ ਹੈ, ਇਸ ਵਿੱਚ ਹੋਰ ਵੰਡੀਆ ਪਾਉਂਣ ਦੇ ਕੋਝੇ ਮਨਸੂਬਿਆਂ ਤੋਂ ਸਿੱਖ ਕੌਮ ਨੂੰ ਖਬਰਦਾਰ ਹੋਂਣ ਦੀ ਲੋੜ ਹੈ।ਉੰਝ ਵੀ ਗੁਰਦਵਾਰਿਆਂ ਦੀ ਹਦੂਦ ਅੰਦਰ ਖੌਰੂ ਪਾਉਣ ਜਾਂ ਗੁਰਦਵਾਰਾ ਸਾਹਿਬ ਦੀ ਸੰਗਤ ਵੱਲੋਂ, ਸ਼ਰਧਾ ਨਾਲ ਤਿਆਰ ਕੀਤੀ ਸੰਪਤੀ ਨੂੰ ਅੱਗਾਂ ਲਾਉਂਣ ਦੀ ਖਰੂਦੀ ਹਰਕਤ, ਕਿਸੇ ਵੀ ਤਰ੍ਹਾਂ ਮਨਜ਼ੂਰ ਨਹੀਂ ਕੀਤੀ ਜਾ ਸਕਦੀ। ਚੇਤੇ ਰਹੇ ਕਿ ਸਿੱਖ ਧਰਮ ਇੱਕ ਪੂਰਨ ਰੂਪ ਵਿੱਚ ਸੰਗਠਿਤ, ਵਿਵਸਥਿਤ ਤੇ ਮਰਿਆਦਤ ਨਵੀਨਤਮ ਧਰਮ ਹੈ, ਇਸ ਦੀ ਆਪਣੀ ਇੱਕ ਬਾਕਾਇਦਾ ਸੰਸਥਾਗਤ, ਪ੍ਰਬੰਧਕ ਪ੍ਰਣਾਲੀ ਹੈ, ਜੋ ਸਾਰੇ ਧਾਰਮਿਕ ਅਤੇ ਗੁਰਦਵਾਰਾ ਸਾਹਿਬ ਦੇ ਪ੍ਰਬੰਧਕ ਮਾਮਲੇ ਨਜਿੱਠਣ ਦੇ ਪੂਰੀ ਤਰ੍ਹਾਂ ਸਮਰੱਥ ਤੇ ਵਚਨਬੱਧ ਹੈ। ਇਸ ਲਈ ਕਿਸੇ ਵੀ ਬਾਹਰੀ ਸੰਸਥਾ ਜਾਂ ਗਰੁੱਪ ਨੂੰ ਗੁਰਦਵਾਰਾ ਸਾਹਿਬ ਦੇ ਰੁਹਾਨੀ ਮਾਹੌਲ ਨੂੰ ਖਰਾਬ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ, ਭਾਵੇਂ ਉਹ ਵਿਅਕਤੀ ਕੋਈ ਵੀ ਹੋਵੇ ਜਾਂ ਕੋਈ ਕਿੰਨੀ ਵੀ ਵੱਡੀ ਜਥੇਬੰਦੀ ਹੋਵੇ। ਮੈਂ ਇਹ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਹਾਂ ਕਿ ਗੁਰਦਵਾਰਾ ਸਾਹਿਬ ਦੀ ਪਵਿੱਤਰ ਹਦੂਦ ਵਿੱਚ ਖਰੂਦ ਕਰਨਾ ਤੇ ਖੜਦੁੰਬ ਮਚਾਉਣਾ ਵੀ, ਗੁਰਦਵਾਰਾ ਸਾਹਿਬ ਦੀ ਪਵਿੱਤਰਤਾ ਤੇ ਮਰਿਆਦਾ ਨੂੰ ਭੰਗ ਕਰਨਾ ਹੈ।ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਸ ਗੰਭੀਰ ਮਾਮਲੇ ਦਾ ਸਖਤ ਨੋਟਿਸ ਲੈਣਾ ਚਾਹੀਦਾ ਹੈ ਅਤੇ ਇਸ ਸਾਰੇ ਮਾਮਲੇ ਦੇੇ ਪਿੱਛੇ, ਆਖਿਰ ਕਿਸ ਦੀ ਸਾਜਿਸ਼ ਹੈ, ਜੋ ਪੰਜਾਬ ਦੇ ਮਾਹੌਲ ਨੂੰ ਮੁੜ ਲਾਂਬੂ ਲਾਉਂਣ ਦੀ ਮਨਸੂਬਾਬੰਦੀ ਕਰ ਰਹੇ ਹਨ, ਇਸ ਸਾਜਿਸ਼ ਨੂੰ ਵੀ ਵਕਤ ਰਹਿੰਦਿਆ ਬੇਨਕਾਬ ਕਰਨਾ ਚਾਹੀਦਾ ਹੈ।