ਸਤਿੰਦਰ ਨੂੰ ਜ਼ਮਾਨਤ ਮਿਲਣ 'ਤੇ ਖੁਸ਼ੀ ਮਨਾਈ, ਭਾਜਪਾ ਜਾਣਬੁੱਝ ਕੇ 'ਆਪ' ਆਗੂਆਂ ਨੂੰ ਉਲਝਾ ਰਹੀ ਹੈ - ਵਿਧਾਇਕ ਮਾਣੂੰਕੇ

ਜਗਰਾਓਂ, 26 ਮਈ : ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੂੰ ਮਾਨਯੋਗ ਕੋਰਟ ਤੋਂ ਜ਼ਮਾਨਤ ਮਿਲਣ ਦੀ ਖੁਸ਼ੀ ਵਿੱਚ ਹਲਕਾ ਜਗਰਾਉਂ ਦੇ ਜੁਝਾਰੂ ਵਲੰਟੀਅਰਾਂ ਨੇ ਅੱਜ ਮਠਿਆਈ ਵੰਡੀ ਅਤੇ ਉਹਨਾਂ ਖੁ਼ਸ਼ੀ 'ਚ ਖੀਵੇ ਹੁੰਦਿਆਂ ਹਲਕਾ ਵਿਧਾਇਕ  ਸਰਵਜੀਤ ਕੌਰ ਮਾਣੂੰਕੇ ਦਾ ਮੂੰਹ ਮਿੱਠ ਕਰਵਾਇਆ। ਇਸ ਮੌਕੇ ਸਮੂਹ ਵਲੰਟੀਅਰਾਂ ਨੂੰ ਵਧਾਈ ਦਿੰਦਿਆਂ ਬੀਬੀ ਮਾਣੂੰਕੇ ਨੇ ਆਖਿਆ ਕਿ ਚੰਦ 'ਤੇ ਚਿੱਕੜ ਸੁੱਟਣ ਨਾਲ, ਚੰਦ ਕਦੇ ਵੀ ਗੰਦਾ ਨਹੀਂ ਹੁੰਦਾ, ਸਗੋਂ ਦੂਜਿਆਂ 'ਤੇ ਚਿੱਕੜ ਸੁੱਟਣ ਵਾਲੇ ਖੁਦ ਲਿੱਬੜ ਜਾਂਦੇ ਹਨ ਅਤੇ ਜਿੱਤ ਹਮੇਸ਼ਾ ਸੱਚਾਈ ਦੀ ਹੀ ਹੁੰਦੀ ਹੈ। ਉਹਨਾਂ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਜਾਣਬੁੱਝ ਕੇ ਆਮ ਆਦਮੀਂ ਪਾਰਟੀ ਦੇ ਆਗੂਆਂ ਉਪਰ ਝੂਠੇ ਦੋਸ਼ ਲਗਾਕੇ ਬਦਨਾਮ ਕਰਨ ਵਿੱਚ ਲੱਗੀ ਹੋਈ ਹੈ, ਤਾਂ ਜੋ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ਆਮ ਆਦਮੀਂ ਪਾਰਟੀ ਦਾ ਲੋਕਾਂ ਵਿੱਚੋਂ ਅਧਾਰ ਖਤਮ ਕੀਤਾ ਜਾ ਸਕੇ ਅਤੇ ਲੋਕ ਸਭਾ ਚੋਣਾਂ ਸੌਖੇ ਢੰਗ ਨਾਲ ਜਿੱਤੀਆਂ ਜਾ ਸਕਣ। ਪਰੰਤੂ ਦੇਸ਼ ਦੇ ਲੋਕ ਆਮ ਆਦਮੀਂ ਪਾਰਟੀ ਦੀ ਇਮਾਨਦਾਰੀ ਅਤੇ ਸੁਚੱਜੀ ਕਾਰਗੁਜ਼ਾਰੀ ਬਾਰੇ ਭਲੀ-ਭਾਂਤ ਜਾਣਦੇ ਹਨ ਅਤੇ ਭਾਜਪਾ ਦੇ ਮਨਸੂਬੇ ਕਿਸੇ ਵੀ ਕੀਮਤ ਉਪਰ ਕਾਮਯਾਬ ਨਹੀਂ ਹੋਣਗੇ ਅਤੇ ਦੇਸ਼ ਦੇ ਲੋਕਾਂ ਕੋਲੋਂ ਭਾਜਪਾ ਨੂੰ ਮੂੰਹ ਦੀ ਖਾਣੀ ਪਵੇਗੀ। ਇਸ ਦੀ ਤਾਜ਼ਾ ਮਿਸਾਲ ਜਲੰਧਰ ਲੋਕ ਸਭਾ ਹਲਕੇ ਵਿੱਚ ਹੋਈ ਜ਼ਿਮਨੀ ਹੋਣ ਤੋਂ ਵੇਖੀ ਜਾ ਸਕਦੀ ਹੈ, ਜਿੱਥੋਂ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਮੂਧੇ ਮੂੰਹ ਸੁੱਟ ਦਿੱਤਾ ਹੈ। ਇੱਥੋਂ ਤੱਕ ਕਿ ਭਾਜਪਾ ਦੇ ਉਮੀਦਵਾਰ ਦੀ ਜ਼ਮਾਨਤ ਤੱਕ ਜ਼ਬਤ ਹੋ ਗਈ ਹੈ। ਬੀਬੀ ਮਾਣੂੰਕੇ ਨੇ ਆਖਿਆ ਕਿ ਮੋਦੀ ਸਰਕਾਰ ਇੰਨਫੋਰਮੈਂਟ ਡਾਇਰੈਕਟੋਰੇਟ (ਈ.ਡੀ.) ਅਤੇ ਸੀ.ਬੀ.ਆਈ.ਨੂੰ ਆਪਣੇ ਹਥਿਆਰ ਬਣਾਕੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਨਿਸ਼ਾਨਾਂ ਬਣਾ ਰਹੀ ਹੈ ਅਤੇ ਕਦੇ ਦਿੱਲੀ ਦੇ ਬੇਹੱਦ ਇਮਾਨਦਾਰ ਸਿੱਖਿਆ ਮੰਤਰੀ ਸ੍ਰੀ ਮਨੀਸ਼ ਸਿਸ਼ੋਦੀਆ ਨੂੰ ਝੂਠੇ ਕੇਸਾਂ ਵਿੱਚ ਫਸਾਕੇ ਬਦਨਾਮ ਕਰ ਰਹੀ ਹੈ, ਕਦੇ ਸਿਹਤ ਮੰਤਰੀ ਸਤਿੰਦਰ ਜੈਨ ਨੂੰ ਅਤੇ ਕਦੇ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਸ੍ਰੀ ਅਰਵਿੰਦ ਕੇਜ਼ਰੀਵਾਲ ਨੂੰ ਉਲਝਾਉਣ ਦੇ ਯਤਨ ਕਰ ਰਹੀ ਹੈ ਅਤੇ ਦੇਸ਼ ਅੰਦਰ ਡਰ ਦਾ ਮਹੌਲ ਬਣਾਇਆ ਜਾ ਰਿਹਾ ਹੈ। ਉਹਨਾਂ ਆਖਿਆ ਕਿ ਆਮ ਆਦਮੀ ਪਾਰਟੀ ਨੂੰ ਦੇਸ਼ ਦੀ ਨਿਆਂ ਪ੍ਰਨਾਲੀ ਉਪਰ ਪੂਰਨ ਵਿਸ਼ਵਾਸ਼ ਹੈ ਅਤੇ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਭਾਜਪਾ ਵੱਲੋਂ ਬਣਾਏ ਗਏ ਸਾਰੇ ਝੂਠੇ ਕੇਸਾਂ ਵਿੱਚੋ ਬਾ-ਇੱਜ਼ਤ ਬਰੀ ਹੋ ਕੇ ਨਿੱਕਲਣਗੇ ਅਤੇ ਜ਼ਲਦੀ ਹੀ ਸੱਚ ਲੋਕਾਂ ਸਾਹਮਣੇ ਆ ਜਾਵੇਗਾ। ਇਸ ਮੌਕੇ ਬਲਾਕ ਪ੍ਰਧਾਨ ਨਿਰਭੈ ਸਿੰਘ ਕਮਾਲਪੁਰਾ, ਐਡਵੋਕੇਟ ਕਰਮ ਸਿੰਘ ਸਿੱਧੂ, ਇੰਦਰਜੀਤ ਸਿੰਘ ਲੰਮੇ, ਕਾਕਾ ਕੋਠੇ ਅੱਠ ਚੱਕ, ਸੁਭਾਸ਼ ਸ਼ਰਮਾਂ, ਸਨੀ ਬਤਰਾ, ਨੋਨੀ ਸੈਂਭੀ, ਤਰਸੇਮ ਸਿੰਘ ਹਠੂਰ, ਡਾ.ਜਗਦੇਵ ਸਿੰਘ ਗਿੱਦੜਵਿੰਡੀ, ਚੇਅਰਮੈਨ ਹਰਜਿੰਦਰ ਸਿੰਘ, ਗੁਰਦੇਵ ਸਿੰਘ ਬਾਰਦੇਕੇ ਆਦਿ ਹਾਜ਼ਰ ਸਨ।