'ਕਟਾਰੂਚੱਕ' ਵਰਗੇ ਸ਼ਰਮਨਾਕ ਮਾਮਲੇ ਨੂੰ ਹੋਰ ਲਟਕਾਉਂਣਾ, ਰਾਜਨੀਤਕ ਅਨੈਤਿਕਤਾ ਤੇ ਇਖ਼ਲਾਕੀ ਦੁਰਾਚਾਰ ਦਾ ਸਿਖਰ ਹੈ : ਬੀਰ ਦਵਿੰਦਰ ਸਿੰਘ

ਪਟਿਆਲਾ, 3 ਜੂਨ : ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਵੱਲੋਂ, ਬਦਨਾਮ 'ਕਟਾਰੂਚੱਕ' ਮਾਮਲੇ ਵਿੱਚ, ਮੁੱਖ ਮੰਤਰੀ ਨੂੰ ਸਪਸ਼ਟ ਆਦੇਸ਼ ਤੋਂ ਬਾਅਦ,  ਲਾਲ ਚੰਦ ਕਟਾਰੂਚੱਕ ਵਰਗਾ ਆਚਾਰ ਭ੍ਰਿਸ਼ਟ ਮੰਤਰੀ, ਕਿਸੇ ਵੀ ਸੂਰਤ ਵਿੱਚ ਇੱਕ ਪਲ ਲਈ ਵੀ, ਪੰਜਾਬ ਵਜਾਰਤ ਦਾ ਹਿੱਸਾ ਨਹੀਂ ਹੋਣਾ ਚਾਹੀਦਾ, ਤੇ ਉਸਨੂੰ ਪੰਜਾਬ ਦੀ ਵਜਾਰਤ ਵਿੱਚੋਂ ਤੁਰੰਤ ਬਰਤਰਖ਼ ਕਰਨਾ ਬਣਦਾ ਹੈ। ਹੁਣ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਟਾਰੂਚੱਕ ਦੇ ਬਚਾਓ ਲਈ ਕੋਈ ਹੋਰ ਅੜਿੰਗਾ ਖੜ੍ਹਾ ਕਰਨਾ ਜਾਂ ਅਜਿਹੇ ਪਥ ਭ੍ਰਿਸ਼ਟ ਵਿਅਕਤੀ ਲਈ ਢਾਲ ਬਣ ਕੇ, ਉਸਦਾ ਬਚਾਓ ਕਰਨਾ, ਹੁਣ ਕਿਸੇ ਵੀ ਤਰ੍ਹਾਂ ਸ਼ੋਭਾ ਨਹੀਂ ਦਿੰਦਾ। ਇਹ ਬਦਬੂਦਾਰ ਮਾਮਲਾ, ਮਹਿਕਮਾਂ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਉੱਚ ਅਧਿਕਾਰੀਆਂ ਤੇ ਕਰਮਚਾਰੀਆਂ ਲਈ,  ਬੇਹੱਦ ਨਮੋਸ਼ੀਜਨਕ, ਪਰੇਸ਼ਾਨਕਾਰੀ ਤੇ ਘਬਰਾਹਟਪੂਰਨ ਮੰਜ਼ਰ ਹੈ, ਜਦੋਂ ਇਸ ਮਹਿਕਮੇਂ ਦੇ ਅਧਿਕਾਰੀਆਂ (ਖਾਸ ਕਰਕੇ ਮਹਿਲਾ ਕਰਮਚਾਰੀਆਂ) ਨੂੰ ਵਿਭਾਗੀ ਕਾਰਜਾਂ ਲਈ, ਅਜਿਹੇ ਆਚਾਰ ਭ੍ਰਿਸ਼ਟ ਮੰਤਰੀ ਦੇ ਮੱਥੇ ਲੱਗਣਾ ਪੈਂਦਾ ਹੈ ਜਿਸ ਉੱਤੇ ਆਚਾਰ ਭ੍ਰਿਸ਼ਟਤਾ ਤੇ ਬਦਚਲਣੀ ਦੇ ਇਲਜ਼ਾਮ, ਦੁਨੀਆਂ ਭਰ ਵਿੱਚ ਨਸ਼ਰ ਹੋ ਚੁੱਕੇ ਹਨ ਚੁੱਕੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੂੰ ਘੱਟੋ-ਘੱਟ ਖੁਰਾਕ ਸਪਲਾਈ ਦੇ ਮਹਿਕਮੇ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਪਸ਼ੇਮਾਨੀ ਤੇ ਘਬਰਾਹਟ ਦਾ ਖਿਆਲ ਤਾਂ ਰੱਖਣਾ ਹੀ ਚਾਹੀਦਾ ਹੈ। ਹੁਣ ਜਦੋਂ ਪੰਜਾਬ ਦੇ ਗਵਰਨਰ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਦੇ ਸਿੱਧੇ ਸਪਸ਼ਟ ਤੇ ਜ਼ਾਹਰਾ ਫੁਰਮਾਨ ਅਤੇ ਕੌਮੀ ਅਨੁਸੂਚਿਤ ਜਾਤੀ ਕਮਸ਼ਿਨ ਵੱਲੋਂ ਆਪਣੇ ਕਾਨੂੰਨੀ ਅਧਿਕਾਰਾਂ ਦਾ ਪ੍ਰਯੋਗ ਕਰਦੇ ਹੋਏ, ਇਸ ਮਾਮਲੇ ਦਾ ਗੰਭੀਰ ਨੋਟਿਸ ਲਿਆ ਹੈ ਤੇ ਪੰਜਾਬ ਸਰਕਾਰ ਪਾਸੋਂ, ਇਸ ਸੰਗੀਨ ਮਾਮਲੇ ਵਿੱਚ ਹੁਣ ਤੱਕ ਦੀ ਕੀਤੀ ਗਈ, ਪੁਖਤਾ ਕਾਰਵਾਈ ਬਾਰੇ ਰਿਪੋਰਟ ਵੀ ਤਲਬ ਕੀਤੀ ਹੈ  ਅਤੇ ਇਸ ਤੋਂ ਬਿਨਾਂ੍ਰ ਪੰਜਾਬ ਦੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ, ਹਾਲ ਹੀ ਵਿੱਚ, ਗਵਰਨਰ ਪੰਜਾਬ ਨੂੰ ਚਿੱਠੀ ਲਿਖ ਕੇ, ਇਹ ਮਾਮਲਾ ਮਾਨ ਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਪੁਰਦ ਕਰਨ ਲਈ ਬੇਨਤੀ ਕੀਤੀ ਹੈ। ਕਟਾਰੂਚੱਕ ਦੀ ਅਪਰਾਧਕ ਤੇ ਬੇਹੱਦ ਸ਼ਰਮਨਾਕ ਵੀਡੀਓ,  ਸੋਸ਼ਲ ਮੀਡੀਏ ਵਿੱਚ ਪਹਿਲਾਂ ਹੀ ਵਾਇਰਲ ਹੋ ਚੁੱਕੀ ਹੈ, ਜੋ ਵੀਡੀਓ ਪੰਜਾਬ ਦੇ ਇੱਕ ਸਜੱਗ ਵਿਧਾਇਕ ਸਰਦਾਰ ਸੁਖਪਾਲ ਸਿੰਘ ਖਹਿਰਾ  ਨੇ ਪੁਖਤਾ ਸਬੂਤਾਂ ਸਮੇਤ, ਪੰਜਾਬ ਦੇ ਰਾਜਪਾਲ ਨੂੰ ਪੜਤਾਲ ਕਰਵਾਉਂਣ ਲਈ ਕੁੱਝ ਸਮਾਂ ਪਹਿਲਾਂ ਪੇਸ਼ ਕੀਤੀ ਸੀ। ਉਪੋਰਕਤ ਸਭ ਕਾਰਨਾ ਦੀ ਦ੍ਰਿਸ਼ਟੀ ਵਿੱਚ, ਹੁਣ ਲਾਲਚੰਦ ਕਟਾਰੂਚੱਕ ਦਾ ਪੰਜਾਬ ਵਜ਼ਾਰਤ ਦੇ ਮੈਂਬਰ ਵੱਜੋਂ ਬਣੇ ਰਹਿਣਾਂ, ਕਤੱਈ ਤੌਰ ਤੇ  ਸੰਭਵ ਨਹੀਂ ਅਤੇ ਨਾ ਹੀ ਇਖਲਾਕੀ ਤੌਰ ਤੇ ਕਿਸੇ ਵੀ ਤਰ੍ਹਾਂ ਵਾਜਿਬ ਹੈ। ਹੁਣ ਪੰਜਾਬ ਦੇ ਸਵਾ-ਤਿੰਨ ਕਰੋੜ ਪੰਜਾਬੀ, ਜਿਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਜਵਾਬਦੇਹ ਹੋਂਣ ਦਾ ਦਾਅਵਾ ਕਰਦੇ ਹਨ, ਭਗਵੰਤ ਮਾਨ ਪਾਸੋਂ ਜਾਨਣਾ ਚਾਹੁੰਦੇ ਹਨ,  ਕਿ ਭਗਵੰਤ ਮਾਨ ਸਰਕਾਰ ਵਿੱਚ, ਮੰਤਰੀਆਂ ਦੇ ਇਖਲਾਕੀ ਦੁਰਾਚਾਰ ਦੀ ਪੁਸ਼ਤਪਨਾਹੀ ਤੇ ਅਨੈਤਿਕਤਾ ਨੂੰ ਬਰਦਾਸ਼ਤ ਕਰਨ ਦੀਆਂ ਆਖਰੀ ਹੱਦਾਂ ਕੀ ਹਨ ? ਪੰਜਾਬ ਦੇ ਸਵਾ-ਤਿੰਨ ਕਰੋੜ ਪੰਜਾਬੀ, ਭਗਵੰਤ ਮਾਨ ਪਾਸੋਂ ਇਹ ਵੀ ਜਾਨਣਾ ਚਾਹੁੰਦੇ ਹਨ, ਕਿ ਕੀ ਉਹ ਉਨ੍ਹਾਂ ਦੀ ਵਜ਼ਾਰਤ ਦੇ ਇੱਕ ਮੰਤਰੀ, ਲਾਲ ਚੰਦ ਕਟਾਰੂਚੱਕ ਦੇ ਦੁਰਾਚਾਰ ਵਿੱਰੁਧ, 'ਸ਼ਿਕਾਇਤ ਕਰਤਾ' ਨੂੰ, ਠੀਕ ਉਸੇ ਤਰ੍ਹਾਂ, ਆਪਣੀ ਬਗਲ ਵਿੱਚ ਬਿਠਾ ਕੇ, ਮੰਤਰੀ ਦੇ ਇਖਲਾਕੀ ਦੁਰਾਚਾਰ ਦੀ ਵੀਡੀਓ ਨੂੰ ਸਰਕਾਰੀ ਪਰੈਸ- ਕਾਨਫਰੰਸ ਵਿੱਚ ਨਸ਼ਰ ਕਰਨਗੇ,  ਜਿਵੇਂ ਉਨ੍ਹਾਂ ਨੇ ਸਾਬਕਾ ਮੁਖ ਮੰਤਰੀ ਚੰਨੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾ ਖਿਲਾਖ਼, ਦੋ ਅਖੌਤੀ ਸ਼ਿਕਾਇਤ ਕਰਤਾਵਾਂ ਨੂੰ, ਆਪਣੀ ਬਗਲ ਵਿੱਚ ਸੱਜੇ-ਖੱਬੇ ਬਿਠਾ ਕੇ ਪਰੈਸ ਵਾਰਤਾ ਕਰਨ ਦੀ ਹਿੰਮਤ ਦਿਖਈ ਸੀ। ਕੀ ਅਜੇਹੀ ਹਿੰਮਤ ਤੇ ਬੇਬਾਕੀ 'ਕਟਾਰੂਚੱਕ' ਦੇ ਮਾਮਲੇ ਵਿੱਚ ਦਿਖਾ ਕੇ ਉਸਦੇ ਵਿਭਚਾਰ ਤੋਂ ਪੀੜਤ 'ਸ਼ਿਕਾਇਤ ਕਰਤਾ' ਨੂੰ ਇਨਸਾਖ਼ ਦੇਣ ਦੀ ਜੁਰੱਤ ਦਿਖਾਉਂਣਗੇ ? ਨਹੀਂ ਤਾਂ ਇਹ ਸਪਸ਼ਟ ਹੈ ਕਿ 'ਕਟਾਰੂਚੱਕ' ਵਰਗੇ ਸ਼ਰਮਨਾਕ ਮਾਮਲੇ ਨੂੰ ਹੋਰ ਲਟਕਾਉਂਣਾ, ਇਸ ਗੱਲ ਦਾ ਸਬੂਤ ਹੈ ਕਿ ਆਮ ਆਦਮੀ ਪਾਰਟੀ ਦੇ, ਨੈਤਿਕ ਸਰੋਕਾਰਾਂ ਵਿੱਚ, ਇਖ਼ਲਾਕੀ ਦੁਰਾਚਾਰ ਤੇ ਅਨੈਤਿਕਤਾ;  ਕੋਈ ਬੁਰੀ ਬਾਤ ਨਹੀਂ ਹੈ।