ਰਿਵਾਲਵਰ ਨੂੰ ਸਾਫ਼ ਕਰਦੇ ਗੋਲੀ ਚੱਲਣ ਕਾਰਨ ਗੰਨਮੈਨ ਦੀ ਮੌਤ

ਖੰਨਾ, 26 ਮਈ : ਖੰਨਾ ਐਸਐਸਪੀ ਦਫ਼ਤਰ ਵਿਖੇ ਇੱਕ ਡੀਐਸਪੀ ਦੇ ਗੰਨਮੈਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹੈੱਡ ਕਾਂਸਟੇਬਲ ਰਸ਼ਪਿੰਦਰ ਸਿੰਘ ਵਜੋਂ ਹੋਈ। ਰਸ਼ਪਿੰਦਰ ਵੋਮੈਨ ਸੈੱਲ ਦੇ ਡੀਐਸਪੀ ਗੁਰਮੀਤ ਸਿੰਘ ਨਾਲ ਬਤੌਰ ਗੰਨਮੈਨ ਤਾਇਨਾਤ ਸੀ। ਜਾਣਕਾਰੀ ਅਨੁਸਾਰ ਅੱਜ ਜਦੋਂ ਰਸ਼ਪਿੰਦਰ ਐਸਐਸਪੀ ਦਫ਼ਤਰ ਵਿਖੇ ਰੀਡਰ ਬ੍ਰਾਂਚ ਵਿਚ ਬੈਠਾ ਸੀ ਤਾਂ ਅਚਾਨਕ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਜਖ਼ਮੀ ਹਾਲਤ ਵਿਚ ਰਸਪਿੰਦਰ ਨੂੰ ਨੇੜੇ ਹੀ ਆਈਵੀਵਾਈ ਹਸਪਤਾਲ ਦਾਖਲ ਕਰਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਡੀਐਸਪੀ ਦਾ ਸਰਵਿਸ ਰਿਵਾਲਵਰ ਰਸ਼ਪਿੰਦਰ ਦੇ ਹੱਥ ਵਿਚ ਸੀ। ਜਿਸ ਨੂੰ ਸਾਫ਼ ਕਰਦੇ ਹੋਏ ਗੋਲੀ ਚੱਲ ਗਈ ਅਤੇ ਇਹ ਗੋਲੀ ਰਸ਼ਪਿੰਦਰ ਦੀ ਛਾਤੀ ਵਿਚ ਲੱਗੀ।