ਲਾਊਡ ਸਪੀਕਰਾਂ ਦੀ ਵਰਤੋਂ, ਆਰਕੈਸਟਰਾ ਅਤੇ ਦੂਜੇ ਆਵਾਜ਼ੀ ਪ੍ਰਦੂਸ਼ਣ ਪੈਦਾ ਕਰਨ ਵਾਲੇ ਯੰਤਰਾਂ ਸਬੰਧੀ ਦਿਸ਼ਾ ਨਿਰਦੇਸ਼ ਜਾਰੀ

ਸੰਗਰੂਰ, 2 ਮਈ : ਜਿਲ੍ਹਾ ਸੰਗਰੂਰ ਵਿੱਚ ਸ਼ੋਰ ਸ਼ਰਾਬਾ ਅਤੇ ਪ੍ਰਦੂਸ਼ਣ ਦੇ ਫਲਸਰੂਪ ਆਮ ਲੋਕਾਂ ਦੀ ਮਾਨਸਿਕਤਾ ਅਤੇ ਬੱਚਿਆਂ ਦੀ ਸਿਹਤ ’ਤੇ ਪੈਂਦੇ ਭੈੜੇ ਅਸਰ ਤੋਂ ਇਲਾਵਾ ਅਣਅਧਿਕਾਰਤ ਤੌਰ ’ਤੇ ਚਲਾਏ ਜਾ ਰਹੇ ਲਾਊਡ ਸਪੀਕਰਾਂ ਕਾਰਨ ਉਤਪੰਨ ਹੋਣ ਵਾਲੀ ਸੰਭਾਵੀ ਕਾਨੂੰਨੀ ਵਿਵਸਥਾ ਨੂੰ ਧਿਆਨ ਵਿੱਚ ਰਖਦਿਆਂ ਐਡੀਸ਼ਨਲ ਜਿਲ੍ਹਾ ਮੈਜਿਸਟਰੇਟ ਸੰਗਰੂਰ ਅਨਮੋਲ ਸਿੰਘ ਧਾਲੀਵਾਲ ਨੇ ਫੌਜਦਾਰੀ ਜਾਬਤਾ ਸੰਘਤਾ 1973 (1974) ਦੇ ਐਕਟ ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਸੰਗਰੂਰ ਵਿੱਚ ਲਾਊਡ ਸਪੀਕਰਾਂ ਦੀ ਵਰਤੋ ਆਰਕੇਸਟਰਾ ਅਤੇ ਦੂਜੇ ਆਵਾਜ਼ੀ ਪ੍ਰਦੂਸ਼ਣ ਪੈਦਾ ਕਰਨ ਵਾਲੇ ਯੰਤਰਾਂ ਦੀ ਵਰਤੋ ਤੇ ਪਾਬੰਦੀ ਹੁਕਮ ਲਾਗੂ ਕੀਤੇ ਹਨ। ਇਹ ਹੁਕਮ 30 ਜੂਨ 2023 ਤੱਕ ਲਾਗੂ ਰਹਿਣਗੇ। ਸੰਗਰੂਰ ਜ਼ਿਲ੍ਹੇ ਵਿੱਚ ਲਾਊਡ ਸਪੀਕਰਾਂ ਦੀ ਵਰਤੋਂ, ਆਰਕੈਸਟਰਾ ਅਤੇ ਦੂਜੇ ਆਵਾਜ਼ੀ ਪ੍ਰਦੂਸ਼ਣ ਪੈਦਾ ਕਰਨ ਵਾਲੇ ਯੰਤਰਾਂ ਸਬੰਧੀ ਜਾਰੀ ਹੁਕਮਾਂ ’ਚ ਕਿਹਾ ਗਿਆ ਹੈ ਕਿ ਮੈਰਿਜ ਪੈਲਸਾਂ ਅਤੇ ਹੋਰ ਥਾਂਵਾਂ ’ਤੇ ਜਿਥੇ ਸ਼ਾਦੀ ਆਦਿ ਹੁੰਦੀ ਹੈ, ਦੇਰ ਰਾਤ ਤੱਕ ਆਰਕੈਸਟਰਾ ਅਤੇ ਹੋਰ ਆਵਾਜ਼ੀ ਪ੍ਰਦੂਸ਼ਣ ਪੈਦਾ ਕਰਨ ਵਾਲੇ ਯੰਤਰਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਲਾਊਡ ਸਪੀਕਰਾਂ ਦੀ ਵਰਤੋਂ ਆਮ ਜਨਤਾ ਵੱਲੋਂ ਵੀ ਧਾਰਮਿਕ ਤੇ ਦੂਜੇ ਸਥਾਨਾਂ ’ਤੇ ਖੁੱਲ੍ਹੇ ਤੌਰ ’ਤੇ ਕੀਤੀ ਜਾਂਦੀ ਹੈ ਜਿਸ ਕਾਰਨ ਬਿਰਧ ਬਿਮਾਰ ਵਿਅਕਤੀਆਂ ਅਤੇ ਪੜ੍ਹਨ ਵਾਲੇ ਵਿਿਦਆਰਥੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਵਿਅਕਤੀ ਸ਼ੋਰ ਪ੍ਰਦੂਸ਼ਣ (ਰੈਗੂਲੇਸ਼ਨ ਐਂਡ ਕੰਟਰੋਲ) ਰੂਲਜ਼ 2000 ਵਿੱਚ ਦਰਜ ਉਪਬੰਧਾਂ ਦੇ ਅਨੁਸਾਰ ਸਮਰੱਥ ਅਧਿਕਾਰੀ ਦੀ ਲਿਖਤੀ ਮਨਜ਼ੂਰੀ ਤੋਂ ਬਿਨਾਂ ਕਿਸੇ ਵੀ ਅਜਿਹੇ ਯੰਤਰ ਜਾਂ ਸ਼ੋਰ ਪ੍ਰਦੂਸ਼ਣ ਪੈਦਾ ਕਰਨ ਵਾਲੀ ਸਮੱਗਰੀ ਪ੍ਰੈਸ਼ਰ ਹਾਰਨ ਆਦਿ ਦੀ ਵਰਤੋਂ ਨਹੀਂ ਕਰੇਗਾ, ਜਿਸ ਦੀ ਆਵਾਜ਼ ਉਸਦੀ ਹਦੂਦ ਤੋਂ ਬਾਹਰ ਸੁਣਦੀ ਹੋਵੇ ਪਰ ਇਹ ਹੁਕਮ ਉਨ੍ਹਾਂ ਲਾਊਡ ਸਪੀਕਰਾਂ ’ਤੇ ਲਾਗੂ ਨਹੀਂ ਹੋਵੇਗਾ ਜਿਨ੍ਹਾਂ ਦੀ ਵਰਤੋਂ ਸਰਕਾਰੀ ਮੰਤਵ ਲਈ ਕੀਤੀ ਜਾਂਦੀ ਹੈ। ਆਰਕੈਸਟਰਾ, ਬੈਂਡ, ਡੀਜੇ ਸਿਸਟਮ ਅਤੇ ਲਾਊਡ ਸਪੀਕਰਾਂ ਦੀ ਵਰਤੋਂ ਮੈਰਿਜ ਪੈਲਸ ਅਤੇ ਧਾਰਮਿਕ ਥਾਵਾਂ ’ਤੇ ਵਜਾਉਣ ਦੀ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਪੂਰੀ ਪਾਬੰਦੀ ਰਹੇਗੀ। ਬਰਾਤ, ਜਿਸ ਵਿੱਚ ਐਂਪਲੀਫਾਇਰ ਦੀ ਵਰਤੋਂ ਕੀਤੀ ਜਾਵੇਗੀ, ਉਸ ’ਤੇ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਪੂਰੀ ਪਾਬੰਦੀ ਹੋਵੇਗੀ। ਵਿਆਹ ਵਾਲੇ ਘਰਾਂ ਵਿੱਚ ਲਾਊਡ ਸਪੀਕਰਾਂ ਦੀ ਆਵਾਜ਼ ਵਿਆਹ ਘਰ ਤੋਂ ਬਾਹਰ ਨਹੀਂ ਜਾਣੀ ਚਾਹੀਦੀ। ਮੈਰਿਜ ਪੈਲਸਾਂ ਵਿੱਚ ਲਾਊਡ ਸਪੀਕਰਾਂ ਦੀ ਆਵਾਜ਼ ਮੈਰਿਜ ਪੈਲਸ ਤੋਂ ਬਾਹਰ ਨਹੀਂ ਜਾਣੀ ਚਾਹੀਦੀ। ਹੁਕਮਾਂ ’ਚ ਕਿਹਾ ਗਿਆ ਹੈ ਕਿ ਜੇਕਰ ਇਸ ਦੀ ਉਲੰਘਣਾ ਹੋਵੇਗੀ ਤਾਂ ਸਬੰਧਤ ਆਰਕੈਸਟਰਾ, ਡੀਜੇ ਅਤੇ ਮੈਰਿਜ ਪੈਲੇਸ ਆਦਿ ਦੇ ਮਾਲਕ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਆਰਕੈਸਟਰਾ ਆਦਿ ’ਤੇ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਪਾਬੰਦੀ ਰਹੇਗੀ।