ਸਿੱਖੋ ਅਤੇ ਵਧੋ ਪ੍ਰੋਗਰਾਮ ਤਹਿਤ ਸਰਕਾਰੀ ਹਾਈ ਸਕੂਲ ਆਸਫ ਵਾਲਾ ਦੇ ਵਿਦਿਆਰਥੀਆਂ ਦਾ ਕੀਤਾ ਮਾਰਗਦਰਸ਼ਨ

ਫਾਜਿ਼ਲਕਾ 21 ਅਗਸਤ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਆਈ.ਏ.ਐੱਸ. ਦੀ ਅਗਵਾਈ ਹੇਠ ਜਿ਼ਲ੍ਹਾ ਪ੍ਰਸ਼ਾਸਨ ਫਾਜਿ਼ਲਕਾ ਵੱਲੋਂ ਸ਼ੁਰੂ ਕੀਤੇ ਸਿੱਖੋ ਅਤੇ ਵਧੋ ਪ੍ਰੋਗਰਾਮ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਫਾਜ਼ਿਲਕਾ ਦੇ ਕੌਂਸਲਰ ਭੁਪਿੰਦਰਦੀਪ ਸਿੰਘ ਨੇ ਸਰਕਾਰੀ ਹਾਈ ਸਕੂਲ ਆਸਫ ਵਾਲਾ ਦੇ ਵਿਦਿਆਰਥੀਆਂ ਨੂੰ ਪ੍ਰੇਰਕ ਭਾਸ਼ਣ ਦਿੱਤਾ। ਜਿਸ ਵਿੱਚ ਉਨ੍ਹਾਂ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਦੀ ਪ੍ਰਾਪਤੀ ਲਈ ਸਖਤ ਮਿਹਨਤ ਕਰਨ ਬਾਰੇ ਪ੍ਰੇਰਿਤ ਕੀਤਾ। ਇਸ ਮੌਕੇ ਭੁਪਿੰਦਰਦੀਪ ਸਿੰਘ ਨੇ ਕਿਹਾ ਕਿ ਜਿੰਦਗੀ ਵਿਚ ਉੱਚ ਮੁਕਾਮ ਹਾਸਲ ਕਰਨ ਲਈ ਮਿਹਨਤ ਹੀ ਅਸਲੀ ਮੂਲ ਮੰਤਰ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜਿੰਦਗੀ ਵਿਚ ਆਪਣਾ ਟੀਚਾ ਨਿਰਧਾਰਤ ਕਰਕੇ ਉਸ ਦੀ ਪ੍ਰਾਪਤੀ ਲਈ ਸਖਤ ਮਿਹਨ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਆਪਣੀ ਪੜ੍ਹਾਈ ਲਈ ਇੱਕ ਸਮਾਂ ਨਿਰਧਾਰਿਤ ਕਰਕੇ ਮਿਹਨਤ ਕਰਨ ਤਾਂ ਹੀ ਉਨ੍ਹਾਂ ਵੱਲੋਂ ਲਏ ਗਏ ਸੁਪਨੇ ਉਹ ਪੂਰੇ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਵਿਦਿਆਰਥੀ ਸਖਤ ਮਿਹਨ ਕਰਕੇ ਉੱਚ ਮੁਕਾਮ ਹਾਸਲ ਕਰਨਗੇ ਤਾਂ ਸਮਾਜ ਵਿੱਚ ਤਾਂ ਉਨ੍ਹਾਂ ਦਾ ਰੁਤਬਾ ਵਧੇਗਾ ਹੀ ਨਾਲ ਹੀ ਮਾਤਾ ਪਿਤਾ ਦਾ ਵੀ ਨਾਮ ਰੌਸ਼ਨ ਹੋਵੇਗਾ। ਉਨ੍ਹਾਂ ਬੱਚਿਆਂ ਦੀ ਕਿੱਤਾ ਅਗਵਾਈ ਕਰਦਿਆਂ ਉਨ੍ਹਾਂ ਲਈ 10ਵੀਂ ਅਤੇ 12ਵੀਂ ਤੋਂ ਬਾਅਦ ਵੱਖ-ਵੱਖ ਵਿਸਿ਼ਆਂ ਦੀ ਚੋਣ ਕਰਨ ਅਤੇ ਵੱਖ-ਵੱਖ ਖੇਤਰਾਂ ਵਿਚ ਸੰਭਾਵਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਅੰਦਰ ਦ੍ਰਿੜ ਇੱਛਾ ਸ਼ਕਤੀ ਪੈਦਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਕਿਸਮਤ ਮਨੁੱਖ ਆਪਣੇ ਹੱਥੀ ਲਿਖਦਾ ਹੈ ਤੇ ਅੱਜ ਦੀ ਕੀਤੀ ਸਖਤ ਮਿਹਨਤ ਸਾਡਾ ਆਉਣ ਵਾਲਾ ਭਵਿੱਖ ਰੌਸ਼ਨ ਕਰੇਗੀ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਸਤਿਕਾਰ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੁਮਿਤ ਠਕਰਾਲ ਵੀ ਹਾਜਰ ਸਨ।