ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਵੱਲੋਂ ਪੁੱਜੀ ਕਰੋੜਾਂ ਰੁਪਏ ਦੀ ਗ੍ਰਾਂਟ : ਸੰਧਵਾਂ

  • ਸਪੀਕਰ ਸੰਧਵਾਂ ਮੁਤਾਬਿਕ ਭਵਿੱਖ ’ਚ ਕਿਸੇ ਨੂੰ ਨਹੀਂ ਆਵੇਗੀ ਕੋਈ ਸਮੱਸਿਆ

ਕੋਟਕਪੂਰਾ, 02 ਜੁਲਾਈ : ਸ਼ਹਿਰ ਵਾਸੀਆਂ ਨੂੰ ਪਿਛਲੇ 20 ਸਾਲਾਂ ਤੋਂ ਆ ਰਹੀਆਂ ਮੁਸ਼ਕਿਲਾਂ, ਸਮੱਸਿਆਵਾਂ ਅਤੇ ਪ੍ਰੇਸ਼ਾਨੀਆਂ ਦਾ ਜਲਦ ਹੱਲ ਹੋ ਜਾਵੇਗਾ। ਕਿਉਂਕਿ ਸਰਕਾਰ ਵਲੋਂ ਕੋਟਕਪੂਰਾ ਸ਼ਹਿਰ ਦੇ ਵਿਕਾਸ ਲਈ ਭੇਜੀ ਕਰੋੜਾਂ ਰੁਪਏ ਦੀ ਰਕਮ ਨਾਲ ਵਿਕਾਸ ਕਾਰਜ ਸ਼ੁਰੂ ਹੋ ਚੁੱਕੇ ਹਨ। ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਵਲੋਂ ਆਪਣੇ ਗ੍ਰਹਿ ਵਿਖੇ ਬੁਲਾਈ ਗਈ ਪ੍ਰੈਸ ਕਾਨਫਰੰਸ ਦੋਰਾਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਨ ਮੌਕੇ ਪੱਤਰਕਾਰਾਂ ਦੇ ਸੁਆਲਾਂ ਦੇ ਜਵਾਬ ਦਿੰਦਿਆਂ ਆਖਿਆ ਕਿ ਨਹਿਰੀ ਪਾਣੀ ਖੇਤਾਂ ਤੱਕ ਪੁੱਜਦਾ ਕਰਨ ਲਈ ਵਿਧਾਨ ਸਭਾ ਹਲਕਾ ਕੋਟਕਪੂਰਾ ਵਿੱਚ 8 ਕਰੋੜ ਰੁਪਏ ਦਾ ਪ੍ਰੋਜੈਕਟ ਲਾਇਆ ਗਿਆ, ਸਰਕਾਰੀ ਸਕੂਲਾਂ ਦੀ ਬਿਹਤਰੀ ਲਈ 4 ਕਰੋੜ ਰੁਪਿਆ ਖਰਚ ਕੀਤਾ ਜਾ ਚੁੱਕਾ ਹੈ, ਸਰਕਾਰੀ ਹਸਪਤਾਲਾਂ ਵਾਸਤੇ ਜਿਲਾ ਫਰੀਦਕੋਟ ਲਈ 12 ਕਰੋੜ ਰੁਪਿਆ ਜਾਰੀ ਹੋ ਚੁੱਕਾ ਹੈ, ਜਦਕਿ 4.5 ਕਰੋੜ ਹੋਰ ਜਲਦ ਜਾਰੀ ਹੋ ਜਾਵੇਗਾ। ਉਹਨਾਂ ਦੱਸਿਆ ਕਿ ਹਲਕੇ ਦੀ ਬਿਜਲੀ ਸਪਲਾਈ ਦੀ ਬਿਹਤਰੀ ਲਈ 4 ਕਰੋੜ 85 ਲੱਖ ਰੁਪਏ ਖਰਚ ਕੀਤੇ ਗਏ, 7 ਕਰੋੜ ਰੁਪਿਆ ਸ਼ਹਿਰ ਦੇ ਵਿਕਾਸ ਲਈ ਵਿਸ਼ੇਸ਼ ਫੰਡ ਜਲਦ ਜਾਰੀ ਕੀਤਾ ਜਾ ਰਿਹਾ ਹੈ। ਸਪੀਕਰ ਸੰਧਵਾਂ ਮੁਤਾਬਿਕ ਬੱਸ ਅੱਡੇ ਦੀ ਕਾਇਆ ਕਲਪ ਲਈ ਲਗਭਗ ਸਾਢੇ 6 ਕਰੋੜ ਰੁਪਏ ਜਾਰੀ ਕੀਤੇ ਜਾ ਰਹੇ ਹਨ, ਸੁਪਰ ਸ਼ਕਰ ਮਸ਼ੀਨ ਖਰੀਦ ਕੇ ਸੀਵਰੇਜ ਸਮੱਸਿਆ ਦੇ ਪੱਕੇ ਹੱਲ ਲਈ ਕਾਰਜ ਜਾਰੀ ਹਨ, ਜਦਕਿ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਨਿਰੰਤਰ ਸਪਲਾਈ ਲਈ ਵਿਸ਼ੇਸ਼ ਪ੍ਰੋਜੈਕਟ ਉਲੀਕਣ ਸਬੰਧੀ ਵਿਉਂਤਬੰਦੀ ਹੋ ਰਹੀ ਹੈ। ਇਕ ਸੁਆਲ ਦੇ ਜੁਆਬ ਵਿੱਚ ਸਪੀਕਰ ਸੰਧਵਾਂ ਨੇ ਦੱਸਿਆ ਕਿ ਕੋਟਕਪੂਰੇ ਤੋਂ ਸਿੱਖਾਂਵਾਲਾ ਅਤੇ ਦੇਵੀਵਾਲਾ ਨੂੰ ਜਾਣ ਵਾਲੀਆਂ ਸੰਪਰਕ ਸੜਕਾਂ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਜਲਾਲੇਆਣਾ ਰੋਡ, ਦੁਆਰੇਆਣਾ ਰੋਡ ਸਮੇਤ ਹੋਰ ਸਾਰੀਆਂ ਸੰਪਰਕ ਸੜਕਾਂ ਦਾ ਕੰਮ ਵੀ ਜਲਦ ਸ਼ੁਰੂ ਹੋ ਜਾਵੇਗਾ। ਸਪੀਕਰ ਸੰਧਵਾਂ ਨੇ ਇੰਜੀ. ਸੁਖਜੀਤ ਸਿੰਘ ਢਿੱਲਵਾਂ ਚੇਅਰਮੈਨ ਜਿਲਾ ਯੋਜਨਾ ਕਮੇਟੀ ਫਰੀਦਕੋਟ, ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ, ਪਾਰਟੀ ਦੇ ਤਿੰਨ ਬਲਾਕ ਪ੍ਰਧਾਨਾ ਕ੍ਰਮਵਾਰ ਗੁਰਮੀਤ ਸਿੰਘ ਗਿੱਲ, ਸੰਜੀਵ ਕਾਲੜਾ, ਸੰਦੀਪ ਕੰਮੇਆਣਾ, ਮਨਪ੍ਰੀਤ ਸਿੰਘ ਧਾਲੀਵਾਲ ਪੀਆਰਓ, ਅਮਨਦੀਪ ਸਿੰਘ ਸੰਧੂ ਪੀ.ਏ., ਮਨਦੀਪ ਸਿੰਘ ਮੌਂਗਾ ਸੈਕਟਰੀ ਰੈੱਡ ਕਰਾਸ ਸੁਸਾਇਟੀ ਅਤੇ ਦੀਪਕ ਮੌਂਗਾ ਸਮੇਤ ਅਨੇਕਾਂ ਪਾਰਟੀ ਦੇ ਸੀਨੀਅਰ ਆਗੂਆਂ ਦੀ ਹਾਜਰੀ ਵਿੱਚ ਚੁਟਕੀ ਲਈ ਕਿ ਉਕਤ ਸਮੱਸਿਆਵਾਂ ਦੇ ਵਿਰੋਧ ’ਚ ਉਹ ਖੁਦ ਸੰਘਰਸ਼ ਕਰਦਾ ਰਿਹਾ ਹੈ ਪਰ ਹੁਣ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਵਿਰੋਧੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਜਾਂ ਆਗੂ ਆਵਾਜ ਤੱਕ ਚੁੱਕਣ ਦੀ ਜਰੂਰਤ ਨਹੀਂ ਸਮਝ ਰਿਹਾ।