ਅਮਲੋਹ 'ਚ ਨਸ਼ੇ ਦੀ ਪੂਰਤੀ ਲਈ ਪੋਤੇ ਨੇ ਦਾਦੀ ਦਾ ਕੀਤਾ ਕਤਲ

ਅਮਲੋਹ, 15 ਜੂਨ : ਫਤਿਹਗੜ੍ਹ ਸਾਹਿਬ ਦੇ ਅਮਲੋਹ ਵਿੱਚ ਕਲਯੁੱਗੀ ਪੋਤੇ ਨੇ ਆਪਣੀ ਹੀ ਦਾਦੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੋਤੇ ਰਣਵੀਰ ਸਿੰਘ ਨੇ ਨਸ਼ੇ ਦੀ ਪੂਰਤੀ ਲਈ ਆਪਣੀ 82 ਸਾਲਾ ਦਾਦੀ ਹਰਮਿੰਦਰ ਕੌਰ ਦਾ ਕਤਲ ਕਰਕੇ ਮ੍ਰਿਤਕ ਦੇਹ ਆਪਣੇ ਪਿੰਡ ਤੋਂ 1 ਕਿਲੋਮੀਟਰ ਦੂਰ ਸੜਕ ਕੰਢੇ ਖੇਤਾਂ ਵਿੱਚ ਸੁੱਟ ਦਿੱਤੀ ਤੇ ਫਰਾਰ ਹੋ ਗਿਆ। ਪੁਲਿਸ ਨੇ ਇਸ ਕੇਸ ਨੂੰ 24 ਘੰਟਿਆਂ ਦੇ ਅੰਦਰ ਸੁਲਝਾ ਲਿਆ ਹੈ। ਮੁਲਜ਼ਮ ਦੀ ਪਹਿਚਾਣ ਰਣਵੀਰ ਸਿੰਘ ਵਾਸੀ ਖਨਿਆਣ ਦੇ ਤੌਰ ‘ਤੇ ਹੋਈ ਹੈ। ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰ ਕੇ ਵਾਰਦਾਤ ਵਿੱਚ ਵਰਤੀ ਗਈ ਕਾਰ,ਗਹਿਣੇ ਤੇ ਮੋਬਾਇਲ ਬਰਾਮਦ ਕਰ ਲਏ ਹਨ। ਇਸ ਸਬੰਧੀ ਅਮਲੋਹ ਦੇ ਡੀਐਸਪੀ ਜੰਗਜੀਤ ਸਿੰਘ ਨੇ ਦੱਸਿਆ ਕਿ ਹਰਮਿੰਦਰ ਕੌਰ ਖਨਿਆਣ ਪਿੰਡ ਦੇ ਖੇਤਾਂ ਵਿੱਚ ਬਣੇ ਮਕਾਨ ਵਿੱਚ ਰਹਿੰਦੀ ਹੈ। ਰਿਸ਼ਤੇ ਵਿੱਚ ਰਣਵੀਰ ਸਿੰਘ ਹਰਮਿੰਦਰ ਕੌਰ ਦਾ ਪੋਤਾ ਲੱਗਦਾ ਹੈ। 13 ਜੂਨ ਦੀ ਸ਼ਾਮ ਨੂੰ ਰਣਵੀਰ ਸਿੰਘ ਉਸ ਦੇ ਘਰ ਆਇਆ। ਉਸਨੇ ਬਜ਼ੁਰਗ ਨੂੰ ਕਿਹਾ ਕਿ ਉਸ ਦੀ ਮਾਤਾ ਕਮਲਜੀਤ ਕੌਰ ਉਸਨੂੰ ਘਰ ਬੁਲਾ ਰਹੀ ਹੈ।ਜਿਸ ਤੋਂ ਬਾਅਦ ਰਣਵੀਰ ਹਰਮਿੰਦਰ ਕੌਰ ਨੂੰ ਆਪਣੀ ਕਾਰ ਵਿੱਚ ਬਿਠਾ ਕੇ ਨਾਲ ਲੈ ਗਿਆ। ਉਸ ਸਮੇਂ ਹਰਮਿੰਦਰ ਕੌਰ ਨੇ ਸੋਨੇ ਦੀਆਂ ਚੂੜੀਆਂ, 2 ਅੰਗੂਠੀਆਂ ਪਾਈਆਂ ਹੋਈਆਂ ਸਨ। ਹਰਮਿੰਦਰ ਕੋਲ ਮੋਬਾਇਲ ਵੀ ਸੀ। 2 ਘੰਟੇ ਬੀਤ ਜਾਣ ਮਗਰੋਂ ਰਾਹਗੀਰਾਂ ਨੇ ਹਰਮਿੰਦਰ ਕੌਰ ਦੇ ਪੁੱਤਰ ਦਲਜੀਤ ਸਿੰਘ ਨੂੰ ਦੱਸਿਆ ਕਿ ਉਸਦੀ ਮਾਤਾ ਦੀ ਮ੍ਰਿਤਕ ਦੇਹ ਮੱਕੀ ਦੇ ਖੇਤਾਂ ਵਿੱਚ ਪਈ ਹੈ। ਦਲਜੀਤ ਸਿੰਘ ਨੇ ਮੌਕੇ ‘ਤੇ ਜਾ ਕੇ ਦੇਖਿਆ ਤਾਂ ਉਸਦੀ ਮਾਤਾ ਦੇ ਨੱਕ ਤੇ ਕੰਨ ਵਿੱਚੋਂ ਖੂਨ ਨਿਕਲਿਆ ਹੋਇਆ ਸੀ। ਸੋਨੇ ਦੇ ਗਹਿਣੇ ਤੇ ਮੋਬਾਇਲ ਨਹੀਂ ਸੀ। ਡੀਐਸਪੀ ਅਨੁਸਾਰ ਰਣਵੀਰ ਸਿੰਘ ਨਸ਼ੇ ਕਰਨ ਦਾ ਆਦੀ ਹੈ। ਜਿਸਨੇ ਨਸ਼ੇ ਦੀ ਪੂਰਤੀ ਲਈ ਸਾਜ਼ਿਸ਼ ਦੇ ਤਹਿਤ ਬਜ਼ੁਰਗ ਮਹਿਲਾ ਤੋਂ ਲੁੱਟ ਕਰਨ ਮਗਰੋਂ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ।