ਗ੍ਰਾਮ ਪੰਚਾਇਤਾਂ ਆਮ ਚੋਣਾਂ -2024, ਪੰਚਾਇਤੀ ਚੋਣਾਂ ਲਈ ਅੱਜ ਤੋਂ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ : ਡਿਪਟੀ ਕਮਿਸ਼ਨਰ

  • ਪੰਚਾਇਤੀ ਚੋਣਾਂ ਲਈ "ਕੋਈ ਬਕਾਇਆ ਨਹੀਂ" ਅਤੇ "ਕੋਈ ਇਤਰਾਜ਼ ਨਹੀਂ" ਸਰਟੀਫਿਕਟ ਦੀ ਥਾਂ ਐਫੀਡੇਵਿਡ ਵੀ ਵਿਚਾਰਨਯੋਗ : ਡੀ.ਸੀ

ਫਰੀਦਕੋਟ 27 ਸਤੰਬਰ 2024 : ਰਾਜ ਚੋਣ ਕਮਿਸ਼ਨ ਦੁਆਰਾ ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਦੇ ਐਲਾਨ ਉਪਰੰਤ ਅੱਜ ਤੋਂ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦਿੱਤੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਲਈ ਉਮੀਦਵਾਰਾਂ ਨੂੰ ਲੋੜੀਂਦੇ ਦਸਤਾਵੇਜ਼ਾਂ ਦੇ ਨਾਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਮੀਦਵਾਰ ਨੂੰ ਜੇਕਰ ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ ਸਬੰਧਤ ਅਥਾਰਟੀ ਤੋਂ  ਕੋਈ ਬਕਾਇਆ ਨਹੀਂ ਸਰਟੀਫਿਕੇਟ" (ਨੋ ਡਿਊ) ਜਾਂ "ਕੋਈ ਇਤਰਾਜ਼ ਨਹੀਂ ਸਰਟੀਫਿਕੇਟ" (ਐਨ.ਓ.ਸੀ) ਪ੍ਰਾਪਤ ਕਰਨ ਵਿੱਚ ਕਿਸੇ ਤਰ੍ਹਾਂ ਦੀ ਮੁਸ਼ਕਲ ਆਉਂਦੀ ਹੈ ਤਾਂ ਉਮੀਦਵਾਰ  ਉਸ ਦੀ ਜਗ੍ਹਾਂ ਇੱਕ ਹਲਫ਼ਨਾਮਾ ਦਾਇਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਉਸ ਹਲਫਨਾਮੇ ਵਿੱਚ ਉਮੀਦਵਾਰ ਵੱਲੋਂ ਇਹ ਦਰਜ ਕੀਤਾ ਹੋਵੇ ਕਿ ਉਨ੍ਹਾਂ ਉਪਰ ਕੋਈ ਕਿਸੇ ਟੈਕਸ ਜਾਂ ਹੋਰ ਕੋਈ ਬਕਾਇਆ ਨਹੀਂ ਹੈ ਅਤੇ ਕਿਸੇ ਸਥਾਨਕ ਅਥਾਰਟੀ ਨਾਲ ਸਬੰਧਤ ਜਾਇਦਾਦ ਤੇ ਅਣਅਧਿਕਾਰਤ ਕਬਜ਼ੇ ਨਹੀਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸਬੰਧਤ ਰਿਟਰਨਿੰਗ ਅਫਸਰ ਅਜਿਹੇ ਨਾਮਜ਼ਦਗੀ ਪੱਤਰਾਂ ਨੂੰ ਸਵੀਕਾਰ ਕਰਨਗੇ ਅਤੇ ਇਸ ਉਪਰੰਤ ਤਸਦੀਕ ਲਈ ਹਲਫੀਆ ਬਿਆਨ ਸਬੰਧਤ ਅਥਾਰਟੀ ਨੂੰ ਵੈਰੀਫਿਕੇਸ਼ਨ ਲਈ ਭੇਜਣਗੇ ਅਤੇ ਇਸ ਸਬੰਧ ਵਿੱਚ 24 ਘੰਟੇ ਵਿੱਚ ਰਿਪੋਰਟ ਪ੍ਰਾਪਤ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਮਿੱਥੇ ਸਮੇਂ ਵਿੱਚ ਰਿਪੋਰਟ ਪ੍ਰਾਪਤ ਨਹੀਂ ਹੁੰਦੀ ਤਾਂ ਇਹ ਮੰਨਿਆ ਜਾਵੇਗਾ ਕਿ ਉਮੀਦਵਾਰ ਦੀਆਂ ਉਪਰੋਕਤ ਸਬੰਧੀ ਕੋਈ ਦੇਣਦਾਰੀਆਂ ਨਹੀਂ। ਉਨ੍ਹਾਂ ਕਿਹਾ ਕਿ ਉਮੀਦਵਾਰ ਕਿਸੇ ਵੀ ਸਵਾਲ ਜਾਂ ਸਪੱਸ਼ਟੀਕਰਨ ਲਈ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਦੇ ਦਫਤਰ ਨਾਲ ਸੰਪਰਕ ਕਰ ਸਕਦੇ ਹਨ।