ਸਰਕਾਰ, ਤੁਹਾਢੇ ਦੁਆਰ - ਮੁਹਿੰਮ ਤਹਿਤ 16 ਜੁਲਾਈ ਨੂੰ ਪਿੰਡ ਸੋਹਲ ਵਿਖੇ ਲੱਗੇਗਾ ਵਿਸ਼ੇਸ ਸੁਵਿਧਾ ਕੈਂਪ-ਡਿਪਟੀ ਕਮਿਸ਼ਨਰ

  • ਵੱਖ-ਵੱਖ ਵਿਭਾਗਾਂ ਵੱਲੋਂ ਲੋਕਾਂ ਨੂੰ ਮੌਕੇ ‘ਤੇ ਹੀ ਮੁਹੱਈਆ ਕਰਵਾਈਆਂ ਜਾਣਗੀਆਂ ਲੋੜੀਂਦੀਆਂ ਸੇਵਾਵਾਂ

ਤਰਨ ਤਾਰਨ, 15 ਜੁਲਾਈ 2024 : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨੇੜੇ ਹੀ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਦੇ ਨਿਰਦੇਸ਼ਾਂ ਦੀ ਲੜੀ ਤਹਿਤ 16 ਜੁਲਾਈ, 2024 ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 02 ਵਜੇ ਤੱਕ ਸਬ-ਡਵੀਜ਼ਨ ਤਰਨ ਤਾਰਨ ਦੇ ਪਿੰਡ ਸੋਹਲ ਵਿਖੇ ਬਾਬਾ ਖਾਕੀ ਸ਼ਾਹ ਜੀ ਦੀ ਜਗ੍ਹਾ ‘ਤੇ “ਸਰਕਾਰ, ਤੁਹਾਢੇ ਦੁਆਰ” ਮੁਹਿੰਮ ਤਹਿਤ ਵਿਸ਼ੇਸ ਸੁਵਿਧਾ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਪਿੰਡ ਭੁੱਚਰ ਖੁਰਦ, ਭੁੱਚਰ ਕਲਾਂ, ਗੱਗੋਬੂਹਾ, ਠੱਠੀ ਅਤੇ ਛਾਪਾ ਆਦਿ ਪਿੰਡਾਂ ਦੇ ਲੋਕ ਪਹੁੰਚ ਕੇ ਸਰਕਾਰੀ ਸੇਵਾਵਾਂ ਦਾ ਲਾਭ ਲੈ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਸੁਵਿਧਾ ਕੈਂਪ ਦੌਰਾਨ ਸੇਵਾ ਕੇਂਦਰ ਨਾਲ ਸੰਬੰਧਿਤ ਸੇਵਾਵਾਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਵੱਲੋਂ ਵੀ ਆਪਣੇ ਵਿਭਾਗ ਨਾਲ ਸਬੰਧਤ ਸਟਾਲ ਲਾ ਕੇ ਮੌਕੇ ‘ਤੇ ਹੀ ਲੋਕਾਂ ਨੂੰ ਲੋੜੀਂਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੈਂਪ ਦੌਰਾਨ ਮਾਲ ਵਿਭਾਗ ਨਾਲ ਸਬੰਧਤ ਇੰਤਕਾਲ, ਨਗਰ ਕੌਂਸਲ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਸਿਹਤ ਵਿਭਾਗ ਨਾਲ ਸਬੰਧਤ ਆਦਿ ਕੰਮਾਂ ਦੀਆਂ ਸੁਵਿਧਾਵਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰ ਨਾਲ ਸੰਬਧਤ ਰੈਜ਼ੀਡੈਂਸ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਬੁਢਾਪਾ ਪੈਨਸ਼ਨ, ਜਨਮ ਸਰਟੀਫਿਕੇਟ, ਜਨਮ ਸਰਟੀਫਿਕੇਟ ਸਬੰਧੀ/ਜਨਮ ਸਰਟੀਫਿਕੇਟ ਵਿੱਚ ਨਾਮ ਦਾਖਲ ਕਰਵਾਉਣ ਸੰਬਧੀ, ਸ਼ਹਿਰੀ ਖੇਤਰ ਨਾਲ ਸੰਬੰਧਿਤ ਜਨਮ ਸਰਟੀਫਿਕੇਟ ਵਿੱਚ ਕੋਈ ਬਦਲਾਅ ਸਬੰਧੀ ਅਤੇ ਪੁਰਾਣੇ ਦਸਤਾਵੇਜ਼ਾਂ ਨੂੰ ਤਸਦੀਕ ਕਰਵਾਉਣ ਸਬੰਧੀ ਆਦਿ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ/ਲੀਡ ਬੈਂਕ ਮੈਨੇਜਰ, ਪਸ਼ੂ ਪਾਲਣ ਵਿਭਾਗ, ਮੱਛੀ ਪਾਲਣ ਵਿਭਾਗ, ਕੋ-ਆਪਰੇਟਿਵ ਸੋਸਾਇਟੀ, ਰਾਜ ਪੇਂਡੂ ਰੋਜ਼ੀ-ਰੋਟੀ ਮਿਸ਼ਨ, ਉਦਯੋਗ ਕੇਂਦਰ, ਸਕਿੱਲ ਡਿਵੈੱਲਪਮੈਂਟ, ਰੋਜਗਾਰ ਵਿਭਾਗ ਆਦਿ ਵਿਭਾਗ ਆਪੋ-ਆਪਣੇ ਵਿਭਾਗ ਦੀਆਂ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਗੇ ।