ਸਰਕਾਰ ਜਾਣਬੁੱਝ ਕੇ ਰਜਬਾਹਿਆਂ ਨੂੰ ਕੰਕਰੀਟ ਨਾਲ ਪੂਰਾ ਪੱਕਾ ਕਰ ਰਹੀ ਹੈ ਤਾਂ ਕਿ ਪਾਣੀ ਧਰਤੀ ਵਿੱਚ ਜ਼ੀਰ ਨਾ ਸਕੇ  : ਕਮਾਲਪੁਰਾ

ਲੁਧਿਆਣਾ, 23 ਫਰਵਰੀ, (ਰਘਵੀਰ ਸਿੰਘ ਜੱਗਾ) : ਸਰਕਾਰ ਵੱਲੋਂ ਰਾਏਕੋਟ ਇਲਾਕੇ ਦੇ ਲਗਪਗ ਸਾਰੇ ਹੀ ਰਜਬਾਹੇ ਕੰਕਰੀਟ ਨਾਲ ਪੱਕੇ ਕੀਤੇ ਜਾ ਰਹੇ ਹਨ ਪਰ ਇਹ ਰਜਬਾਹੇ ਜਿੱਥੇ ਪਸ਼ੂਆਂ, ਕੁੱਤਿਆਂ ਜਾਂ ਮਨੁੱਖਾਂ ਦੀ ਮੌਤ ਦਾ ਖਤਰਾ ਹਨ,ਉੱਥੇ ਇਹ ਧਰਤੀ ਹੇਠਲੇ ਘੱਟ ਰਹੇ ਪਾਣੀ ਦੇ ਪੱਧਰ ਨੂੰ ਹੋਰ ਘਟਾਉਣ ਦੇ ਨਾਲ-ਨਾਲ ਸਾਇਡ ਤੇ ਖੜ੍ਹੇ ਦਰੱਖਤਾਂ ਨੂੰ ਸੁਕਾਉਣ ਦਾ ਵੀ ਨੁਕਸਾਨ ਕਰਨਗੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬੱਸੀਆਂ ਸ਼ਾਹਜਹਾਨਪੁਰ ਰੋਡ ਤੇ ਬਣੇ ਰਜਬਾਹੇ ਦੇ ਪੁਲ ਤੇ ਮੌਕਾ ਦੇਖਣ ਉਪਰੰਤ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ,ਬਲਾਕ ਪ੍ਰਧਾਨ ਰਣਧੀਰ ਸਿੰਘ ਧੀਰਾ ਬੱਸੀਆਂ ਤੇ ਪ੍ਰੈਸ ਸਕੱਤਰ ਹਰਬਖਸ਼ੀਸ਼ ਸਿੰਘ ਰਾਏ ਚੱਕ ਭਾਈ ਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਉਹਨਾਂ ਕਿਹਾ ਕਿ ਸਰਕਾਰ ਜਾਣਬੁੱਝ ਕੇ ਰਜਬਾਹਿਆਂ ਨੂੰ ਕੰਕਰੀਟ ਨਾਲ ਪੂਰਾ ਪੱਕਾ ਕਰ ਰਹੀ ਹੈ ਤਾਂ ਕਿ ਪਾਣੀ ਧਰਤੀ ਵਿੱਚ ਜ਼ੀਰ ਨਾ ਸਕੇ ਅਤੇ ਇਹਨਾਂ ਰਜਬਾਹਿਆਂ ਦੀ ਡੂੰਘਾਈ ਤੇ ਚੌੜਾਈ ਨੂੰ ਵੀ ਘੱਟ ਕੀਤਾ ਜਾ ਰਿਹਾ ਹੈ ਤਾਂ ਕਿ ਪਾਣੀ ਘੱਟ ਛੱਡਿਆ ਜਾਵੇ। ਉਹਨਾਂ ਮੰਗ ਕੀਤੀ ਕਿ ਰਜਬਾਹਿਆਂ ਨੂੰ ਹੇਠਾਂ ਤੋਂ ਕੱਚਾ ਰੱਖਿਆ ਜਾਵੇ, ਦੂਸਰਾ ਨਿਰਮਾਣ ਅਧੀਨ ਤੇ ਨਵੇਂ ਨਿਰਮਾਣ ਹੋ ਚੁੱਕੇ ਰਜਬਾਹਿਆਂ ਦੇ ਉਪਰ ਬਣੇ ਹਰ ਪੁਲ ਦੇ ਦੋਵੇਂ ਪਾਸੇ ਅਤੇ ਪਾਣੀ ਵਾਲੇ ਮੋਘਿਆਂ ਕੋਲ ਤੋਂ ਇਲਾਵਾ ਵੀਂ ਲਗਪਗ ਹਰ 500 ਮੀਟਰ ਤੇ ਪੱਕੀਆਂ ਪੌੜੀਆਂ ਬਣਾਈਆਂ ਜਾਣ ਤਾਂ ਕਿ ਅਚਨਚੇਤ ਕਿਸੇ ਜਾਨਵਰ ਜਾਂ ਮਨੁੱਖ ਦੇ ਵਿੱਚ ਡਿੱਗਣ ਤੋਂ ਬਾਅਦ ਅਸਾਨੀ ਨਾਲ ਬਾਹਰ ਕੱਢਿਆ ਜਾ ਸਕੇ ,ਤੀਸਰੀ ਮੰਗ ਕਿ ਰਜਬਾਹਿਆਂ ਦੇ ਉਪਰ ਹਰ ਪੁਲ ਦੇ ਦੋਵੇਂ ਪਾਸੇ ਕੰਧਾਂ ਕੀਤੀਆ ਜਾਣ ਤਾਂ ਕਿ ਕੋਈ ਹਾਦਸਾ ਹੋਣ ਤੋੰ ਬਚਿਆ ਸਕੇ। ਇਹ ਮੰਗਾਂ ਐਸ ਐਚ ਓ ਸਦਰ ਰਾਏਕੋਟ ਦੀ ਹਾਜ਼ਰੀ ਵਿੱਚ ਨਹਿਰੀ ਵਿਭਾਗ ਦੇ ਜੇਈ ਹਰਪ੍ਰੀਤ ਸਿੰਘ ਤੇ ਜੇਈ ਦੀਪਕ ਕੁਮਾਰ ਨੂੰ ਕਿਸਾਨ ਆਗੂਆਂ ਨੇ ਦੱਸੀਆਂ ਅਤੇ ਨਾਲ ਹੀ ਉਹਨਾਂ ਚੇਤਵਾਨੀ ਦਿੰਦਿਆ ਆਖਿਆ ਕਿ  ਜੇਕਰ ਭਵਿੱਖ ਵਿੱਚ ਕਿਸੇ ਦਾ ਵੀ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਤਾਂ ਰਜਬਾਹੇ ਦੇ ਨਿਰਮਾਣ ਵੇਲੇ ਦੇ ਨਹਿਰੀ ਵਿਭਾਗ ਦੇ ਐਸ ਡੀ ਓ ਤੇ ਜੇਈ ਜਿੰਮੇਵਾਰ ਹੋਣਗੇ। ਉਹਨਾਂ ਦੱਸਿਆ ਕਿ 25 ਫਰਵਰੀ ਨੂੰ ਸ਼ਾਹਜਹਾਨਪੁਰ ਦੇ ਰਜਬਾਹੇ ਵਾਲੇ ਪੁਲ ਤੇ ਧਰਨਾ ਦਿੱਤਾ ਜਾਵੇਗਾ ਜੇਕਰ ਕਿਸਾਨਾਂ ਦੀਆ ਮੰਗਾਂ ਨਾ ਮੰਨੀਆਂ ਤੇ ਨਿਰਮਾਣ ਦਾ ਕੰਮ ਮੁਕੰਮਲ ਤੌਰ ਤੇ ਰੋਕ ਦਿੱਤਾ ਜਾਵੇਗਾ। ਇਸ ਸਮੇਂ ਬਲਾਕ ਖਜ਼ਾਨਚੀ ਬਲਕਾਰ ਸਿੰਘ ਬੋਪਾਰਾਏ ਖੁਰਦ, ਪ੍ਰਧਾਨ ਹਰਮਨਦੀਪ ਸਿੰਘ ਗਰੇਵਾਲ ਸ਼ਾਹਜਹਾਨਪੁਰ, ਮੀਤ ਪ੍ਰਧਾਨ ਦਿਲਪ੍ਰੀਤ ਸਿੰਘ ਬੁੱਟਰ, ਪ੍ਰਧਾਨ ਚਰਨਜੀਤ ਸਿੰਘ ਕਮਾਲਪੁਰਾ,ਜਸਵੀਰ ਸਿੰਘ, ਦਵਿੰਦਰ ਸਿੰਘ,ਅਵਤਾਰ ਸਿੰਘ ਤਾਰ,ਪ੍ਰਧਾਨ ਅਮਰਜੀਤ ਸਿੰਘ ਕਾਲਾ ਕਾਲਸਾਂ,ਅਵਤਾਰ ਸਿੰਘ ਕਾਲਸਾਂ, ਅਮਰੀਕ ਸਿੰਘ ਚੱਕ ਭਾਈ ਕਾ,ਅੰਮ੍ਰਿਤਪਾਲ ਸਿੰਘ, ਨੰਬਰਦਾਰ ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਭਿੰਦਾ ਬੁੱਟਰ,ਜੋਤ ਬੈਨੀਪਾਲ ਆਦਿ ਆਗੂ ਹਾਜ਼ਰ ਸਨ।