35 ਕਰੋੜ ਦੀ ਲਾਗਤ ਨਾਲ ਸਰਕਾਰ ਵਲੋਂ ਜ਼ਿਲ੍ਹਾ ਬਰਨਾਲਾ ਵਿੱਚ ਸੜਕਾਂ ਦਾ ਕੀਤਾ ਜਾਵੇਗਾ ਨਵੀਨੀਕਰਨ : ਮੀਤ ਹੇਅਰ

  • ਸੰਸਦ ਮੈਂਬਰ ਮੀਤ ਹੇਅਰ ਨੇ ਵੱਖ ਵੱਖ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ
  • 71.58 ਲੱਖ ਨਾਲ ਹੋਵੇਗਾ ਹਰੀਗੜ੍ਹ - ਭੱਠਲਾਂ - ਕੱਟੂ ਲਿੰਕ ਸੜਕ ਦਾ ਨਵੀਨੀਕਰਨ 
  • ਆਵਾਸ ਯੋਜਨਾ ਤਹਿਤ ਪੱਕੇ ਘਰਾਂ ਲਈ 46 ਪਰਿਵਾਰਾਂ ਨੂੰ ਦਿੱਤੇ ਮਨਜ਼ੂਰੀ ਪੱਤਰ
  • ਬਰਨਾਲਾ ਸ਼ਹਿਰ ਵਿੱਚ 1.08 ਕਰੋੜ ਦੀ ਲਾਗਤ ਵਾਲੇ ਟਿਊਬਵੈੱਲ ਦੇ ਕੰਮ ਦਾ ਰੱਖਿਆ ਨੀਂਹ ਪੱਥਰ

ਬਰਨਾਲਾ, 22 ਸਤੰਬਰ 2024 : ਸੰਸਦ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਇੱਥੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ। ਉਨ੍ਹਾਂ ਹਰੀਗੜ੍ਹ - ਭੱਠਲਾਂ - ਕੱਟੂ ਲਿੰਕ ਸੜਕ ਅਤੇ ਪਿੰਡ ਹਰੀਗੜ੍ਹ ਦੀ ਫਿਰਨੀ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ, ਜਿਸ ਉੱਤੇ 71.58 ਲੱਖ ਦੀ ਲਾਗਤ ਆਵੇਗੀ। ਇਸ ਮੌਕੇ ਸੰਸਦ ਮੈਂਬਰ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਬਰਨਾਲਾ ਵਿੱਚ ਵੱਖ ਵੱਖ ਸੜਕਾਂ ਦਾ ਨਵੀਨੀਕਰਨ ਕਰੀਬ 35 ਕਰੋੜ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨਾਲ ਪਿਛਲੇ 10 - 10 ਸਾਲਾਂ ਤੋਂ ਖਰਾਬ ਸੜਕਾਂ ਦਾ ਨਵੀਨੀਕਰਨ ਕੀਤਾ ਜਾਵੇਗਾ ਤੇ ਬਰਨਾਲੇ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਇਸ ਤੋਂ ਪਹਿਲਾਂ ਉਨ੍ਹਾਂ ਨਗਰ ਕੌਂਸਲ ਧਨੌਲਾ ਦਫ਼ਤਰ ਵਿਖੇ ਆਵਾਸ ਯੋਜਨਾ ਤਹਿਤ ਪੱਕੇ ਘਰ ਬਣਾਉਣ ਲਈ 46 ਵਿਅਕਤੀਆਂ ਨੂੰ ਮਨਜ਼ੂਰੀ ਪੱਤਰ ਦਿੱਤੇ ਤੇ ਦੱਸਿਆ ਕਿ ਬਰਨਾਲਾ ਬਲਾਕ ਵਿਚ ਕਰੀਬ 80 ਪਰਿਵਾਰਾਂ ਨੂੰ ਪਹਿਲੀ ਕਾਸ਼ਤ ਜਾਰੀ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਉਨ੍ਹਾਂ ਬਰਨਾਲਾ ਸ਼ਹਿਰ ਦੇ ਵਾਰਡ ਨੰਬਰ 26 ਵਿੱਚ ਨਵਾਂ ਟਿਊਬਵੈੱਲ ਲਾਉਣ ਦਾ ਨੀਂਹ ਪੱਥਰ ਰੱਖਿਆ, ਜਿਸ ਤੇ ਅੰਦਾਜ਼ਨ 1.08 ਕਰੋੜ ਦੀ ਲਾਗਤ ਆਵੇਗੀ। ਇਸ ਮੌਕੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਬਰਨਾਲਾ ਅਤੇ ਧਨੌਲਾ ਸ਼ਹਿਰ ਵਿੱਚ ਜਲ ਸਪਲਾਈ ਅਤੇ ਸੀਵਰੇਜ ਸਮੇਤ ਹੋਰ ਸਹੂਲਤਾਂ ਲਈ ਕਰੋੜਾਂ ਰੁਪਏ ਦੇ ਫੰਡ ਸਰਕਾਰ ਵਲੋਂ ਜਾਰੀ ਕੀਤੇ ਗਏ ਹਨ ਤੇ ਕਰੋੜਾਂ ਦੇ ਕੰਮਾਂ ਦੇ ਟੈਂਡਰ ਲਾਏ ਗਏ ਹਨ ਜਿਸ ਨਾਲ ਜਲਦ ਹੀ ਕੰਮ ਸ਼ੁਰੂ ਕੀਤੇ ਜਾਣਗੇ।
ਇਸ ਮਗਰੋਂ ਉਨ੍ਹਾਂ ਹੰਡਿਆਇਆ ਵਿਖੇ ਵੱਖ ਵੱਖ ਵਾਰਡਾਂ  ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ।