ਸਰਕਾਰ ਹੜ੍ਹ ਪੀੜ੍ਹਤਾਂ ਦੀ ਹਰ ਸੰਭਵ ਮਦਦ ਕਰੇਗੀ : ਵਿਧਾਇਕ ਰਾਏ

  • ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਹੜ੍ਹ ਵਿੱਚ ਮਰੇ ਵਿਅਕਤੀ ਦੇ ਪਿਤਾ ਦੇ ਖਾਤੇ ਵਿੱਚ 4 ਲੱਖ ਰੁਪਏ ਦੀ ਮਾਲੀ ਸਹਾਇਤਾ ਜਮ੍ਹਾਂ ਕਰਵਾਉਣ ਦਾ ਸੌਂਪਿਆ ਪੱਤਰ

ਫ਼ਤਹਿਗੜ੍ਹ ਸਾਹਿਬ, 20 ਜੁਲਾਈ : ਪੰਜਾਬ ਸਰਕਾਰ ਹੜ੍ਹਾਂ ਨਾਲ ਪੀੜ੍ਹਤ ਵਿਅਕਤੀਆਂ ਦੀ ਹਰ ਸੰਭਵ ਮਦਦ ਕਰੇਗੀ ਅਤੇ ਇਸ ਮੁਸ਼ਕਲ ਘੜੀ ਵਿੱਚ ਪੰਜਾਬੀਆਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਬੀਤੇ ਦਿਨੀਂ ਆਏ ਹੜ੍ਹਾਂ ਵਿੱਚ ਮਰੇ ਗੁੱਡੂ ਦੇ ਪਿਤਾ ਹਰੀ ਚੰਦਰ ਨੂੰ ਸਰਕਾਰ ਵੱਲੋਂ 04 ਲੱਖ ਰੁਪਏ ਦੀ ਮਾਲੀ ਸਹਾਇਤਾ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਹੋਣ ਦਾ ਪੱਤਰ ਸੋਂਪਣ ਮੌਕੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਦਾ ਜਿਥੇ ਆਰਥਿਕ ਨੁਕਸਾਨ ਹੋਇਆ ਹੈ ਉਥੇ ਹੀ ਜ਼ਿਲ੍ਹੇ ਵਿੱਚ ਗੁੱਡੂ ਦੀ ਰੁੜ ਜਾਣ ਕਾਰਨ ਮੌਤ ਹੋ ਗਈ ਸੀ ਜਿਸ ਦੇ ਪਰਿਵਾਰ ਨੁੰ ਸਰਕਾਰ ਵੱਲੋਂ ਇਹ ਸਹਾਇਤਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਮ੍ਰਿਤਕ ਦੀ ਘਾਟ ਨੂੰ ਪੂਰਿਆ ਨਹੀਂ ਜਾ ਸਕਦਾ ਪ੍ਰੰਤੂ ਫਿਰ ਵੀ ਪਰਿਵਾਰ ਦੀ ਆਰਥਿਕ ਮਦਦ ਕਰਕੇ ਸਰਕਾਰ ਨੇ ਆਪਣਾ ਫਰ਼ਜ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਵਿਧਾਇਕ ਰਾਏ ਨੇ ਕਿਹਾ ਕਿ ਸਰਕਾਰ ਵੱਲੋਂ ਹੜ੍ਹਾਂ ਵਿੱਚ ਹੋਏ ਨੁਕਸਾਨ ਦਾ ਬਣਦਾ ਮੁਆਵਜਾ ਦਿੱਤਾ ਜਾਵੇਗਾ ਅਤੇ ਹੜ੍ਹਾਂ ਕਾਰਨ ਜਿਹੜੇ ਪਰਿਵਾਰਾਂ ਦੇ ਕੱਚੇ ਜਾਂ ਪੱਕੇ ਮਕਾਨ ਢਹਿ ਗਏ ਹਨ ਉਨ੍ਹਾਂ ਦੇ ਨੁਕਸਾਨ ਦਾ ਜਾਇਜ਼ਾ ਲਗਾ ਕੇ ਬਣਦੀ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਪਹਿਲਾਂ ਹੀ ਕਿਹਾ ਹੋਇਆ ਹੈ ਕਿ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਪੂਰੀ ਤਰ੍ਹਾਂ ਭਰਪਾਈ ਕੀਤੀ ਜਾਵੇਗੀ ਅਤੇ ਹੋਏ ਨੁਕਸਾਨ ਦਾ ਬਣਦਾ ਮੁਆਵਜਾ ਦਿੱਤਾ ਜਾਵੇਗਾ। ਇਸ ਮੌਕੇ ਐਸ.ਡੀ.ਐਮ. ਹਰਪ੍ਰੀਤ ਸਿੰਘ ਅਟਵਾਲ, ਕਾਰਜ ਸਾਧਕ ਅਫਸਰ ਨਗਰ ਕੌਂਸਲ ਸਰਹਿੰਦ ਸੰਗੀਤ ਆਹਲੂਵਾਲੀਆ, ਬੀ.ਡੀ.ਪੀ.ਓ. ਰਮੇਸ਼ ਕੁਮਾਰ, ਸਾਬਕਾ ਸਰਪੰਚ ਅਮਰੀਕ ਸਿੰਘ ਤੇ ਕੌਂਸਲਰ ਪ੍ਰਿਤਪਾਲ ਸਿੰਘ ਜੱਸੀ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।