ਸਰਕਾਰ 15 ਅਗਸਤ ਤਕ ਸਪੈਸ਼ਲ ਗਿਰਦਾਵਰੀਆਂ ਕਰਵਾ ਕੇ ਦੇਵੇਗੀ ਮੁਆਵਜ਼ਾ : ਜੋੜੇਮਾਜਰਾ

  • ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਨੇ  ਬਾਬਾ ਰਾਮ ਸਿੰਘ ਗੰਢੂਆਂ ਡੇਰਾ ਦੁਫੇੜਾ ਸਾਹਿਬ ਵਿਖੇ ਟੇਕਿਆ ਮੱਥਾ

ਫ਼ਤਹਿਗੜ੍ਹ ਸਾਹਿਬ 01 ਅਗਸਤ : ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ: ਚੇਤਨ ਸਿੰਘ ਜੋੜੇਮਾਜਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਸਪੈਸ਼ਲ ਗਿਰਦਾਵਰੀਆਂ ਕਰਵਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ 15 ਅਗਸਤ ਤਕ ਮੁਆਵਜਾ ਦੇਣ ਲਈ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ 15 ਅਗਸਤ ਤਕ ਸਪੈਸ਼ਲ ਗਿਰਦਾਵਰੀਆਂ ਕਰਵਾ ਕੇ ਰਿਪੋਰਟ ਸਰਕਾਰ ਨੂੰ ਭੇਜੀ ਜਾਵੇ। ਕੈਬਨਿਟ ਮੰਤਰੀ ਜੋੜੇਮਾਜਰਾ ਅੱਜ ਬਾਬਾ ਰਾਮ ਸਿੰਘ ਗੰਢੂਆਂ ਡੇਰਾ ਦੁਫੇੜਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਏ ਸਨ। ਸ: ਜੋੜੇਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਹੜ੍ਹਾਂ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਹਰ ਸੰਭਵ ਮਦਦ ਕੀਤੀ ਹੈ ਅਤੇ ਹੁਣ ਵੀ ਮੁੱਖ ਮੰਤਰੀ ਨੇ ਕਿਹਾ ਹੈ ਕਿ ਉਹ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦੇਣਗੇ। ਵਿਰੋਧੀ ਪਾਰਟੀਆਂ ਵੱਲੋਂ ਘੱਟ ਮੁਆਵਜਾ ਦੇਣ ਸਬੰਧੀ ਕੀਤੀ ਜਾ ਰਹੀ ਬਿਆਨਬਾਜ਼ੀ ਤੇ ਕੈਬਨਿਟ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਜਦੋਂ ਤੋਂ ਸੱਤਾ ਸੰਭਾਲੀ ਹੈ ਕਿਸਾਨਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਹੈ ਜਦੋਂ ਕਿ ਵਿਰੋਧੀਆਂ ਵਲੋਂ ਤਾਂ ਮੁਆਵਜਾ ਦਿੱਤਾ ਹੀ ਨਹੀਂ ਸੀ ਜਾਂਦਾ। ਸ: ਜੋੜੇਮਾਜਰਾ ਨੇ ਕਿਹਾ ਕਿ ਉਹ ਬਾਬਾ ਰਾਮ ਸਿੰਘ ਜੀ ਗੰਢੂਆਂ  ਡੇਰਾ  ਦੁਫ਼ੇੜਾ ਸਾਹਿਬ ਵਿਖੇ ਪਹਿਲੀ ਵਾਰ ਆਏ ਹਨ ਜਿੱਥੇ ਆ ਕੇ ਉਹਨਾਂ ਨੂੰ ਬਹੁਤ ਸਕੂਨ ਮਿਲਿਆ ਹੈ ਤੇ ਭਵਿੱਖ ਵਿੱਚ ਵੀ ਆਉਂਦੇ ਰਹਿਣਗੇ। ਇਸ ਮੌਕੇ ਓਹਨਾਂ ਨਾਲ ਸਨੀ ਚੋਪੜਾ ਤੇ ਹੋਰ ਆਮ ਆਦਮੀ ਪਾਰਟੀ ਦੇ ਆਗੂ ਮੌਜੂਦ ਸਨ।